Harpreet Singh Turka
Harpreet Singh Turka

@Happyturka5

30 تغريدة 69 قراءة Jul 15, 2024
ਪੰਜਾਬ ਦੇ ਰੁੱਖ-ਬੂਟੇ/ Panjab De Rukh-Butte (A thread).
1. ਅੱਕ
ਅੱਕ ਇਕ ਜੰਗਲੀ ਬੂਟਾ ਹੈ। ਇਹ ਗੈਰ ਆਬਾਦ ਜ਼ਮੀਨਾਂ ਵਿਚ ਆਮ ਹੁੰਦਾ ਹੈ। ਇਸ ਦਾ ਦੁੱਧ ਜ਼ਹਿਰੀਲਾ ਹੁੰਦਾ ਹੈ। ਕਈ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਇਸ ਦੇ ਪੱਤੇ ਚੌੜੇ ਹੁੰਦੇ ਹਨ। ਪਹਿਲੇ ਸਮਿਆਂ ਵਿਚ ਜਦ ਦੁਸਹਿਰੇ ਲਈ ਪਹਿਲੇ ਨਰਾਤੇ ਵਿਚ ਮਿੱਟੀ ਦੇ ਕਿਸੇ ਭਾਂਡੇ ਵਿਚ ਜੌਂ ਬੀਜਣੇ ਹੁੰਦੇ ਸਨ ਤਾਂ ਉਨ੍ਹਾਂ ਜੌਆਂ ਨੂੰ ਪਹਿਲਾਂ ਪਹਿਲਾਂ ਅੱਕ ਦੇ ਪੱਤਿਆਂ ਨਾਲ ਢੱਕ ਕੇ ਗਰਮਾਇਸ਼ ਦਿੱਤੀ ਜਾਂਦੀ ਸੀ ਤਾਂ ਜੋ ਜੌਂ ਛੇਤੀ ਉੱਗ ਆਉਣ।ਅੱਕ ਦੇ ਫੁੱਲ ਚਿੱਟੇ ਹੁੰਦੇ ਹਨ। ਇਹ ਦਵਾਈਆਂ ਵਿਚ ਵਰਤੇ ਜਾਂਦੇ ਹਨ। ਅੱਕ ਦੇ ਫਲ ਨੂੰ ਕੁੱਕੜੀ ਕਹਿੰਦੇ ਹਨ। ਅੰਬਾਖੜੀ ਵੀ ਕਹਿੰਦੇ ਹਨ। ਬੱਚੇ ਕੁੱਕੜੀਆਂ ਵਿਚ ਡੱਕੇ ਪਾ ਕੇ ਰੇਲ ਬਣਾ ਕੇ ਖੇਡਦੇ ਹਨ। ਅੱਕ ਦੇ ਬੂਟੇ ’ਤੇ ਇਕ ਟਿੱਡਾ ਹੁੰਦਾ ਹੈ ਜਿਸ ਦਾ ਰੰਗ ਹਰਾ ਪੀਲਾ ਹੁੰਦਾ ਹੈ।
ਚੂਹੜੇ ਜਾਤੀ ਵਾਲੇ ਲੋਕ ਬੱਚੇ ਦੇ ਜਨਮ ਤੇ ਅੱਕ ਦੇ ਪੱਤੇ ਦਰਵਾਜ਼ੇ ਉਪਰ ਬੰਨ੍ਹਦੇ ਸਨ। ਜਣੇਪੇ ਵਾਲੇ ਕਮਰੇ ਦੀ ਛੱਤ ਉਪਰ ਵੀ ਅੱਕ ਦੇ ਪੱਤੇ ਰੱਖਦੇ ਸਨ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਅਜਿਹਾ ਕਰਨ ਨਾਲ ਬੱਚੇ ਨੂੰ ਮਾੜੀਆਂ ਰੂਹਾਂ ਤੰਗ ਨਹੀਂ ਕਰ ਸਕਦੀਆਂ। ਇਕ ਧਾਰਨਾ ਇਹ ਵੀ ਸੀ ਕਿ ਜੇ ਚੌਥੇ ਦੇ ਬੁਖਾਰ ਵੇਲੇ ਅੱਕ ਦਾ ਟੂਣਾ ਕੀਤਾ ਜਾਵੇ ਤਾਂ ਬੁਖਾਰ ਉਤਰ ਜਾਂਦਾ ਹੈ। ਕਈ ਜਾਤੀ ਵਾਲੇ ਅੱਕ ਦੀ ਪੂਜਾ ਵੀ ਕਰਦੇ ਸਨ। ਹੁਣ ਲੋਕ ਜਾਗਰਿਤ ਹੋ ਗਏ ਹਨ। ਇਸ ਲਈ ਹੁਣ ਕੋਈ ਵੀ ਇਨ੍ਹਾਂ ਵਹਿਮਾ-ਭਰਮਾਂ ਵਿਚ ਵਿਸ਼ਵਾਸ ਨਹੀਂ ਕਰਦਾ।
ਹੁਣ ਪੰਜਾਬ ਦੀ ਸਾਰੀ ਨਿੱਜੀ ਜ਼ਮੀਨ ਆਬਾਦ ਹੈ। ਹੁਣ ਸਰਕਾਰੀ ਗੈਰ ਆਬਾਦ ਜ਼ਮੀਨਾਂ ਅਤੇ ਜੰਗਲਾਂ ਵਿਚ ਹੀ ਕਿਤੇ ਕਿਤੇ ਅੱਕ ਦਾ ਬੂਟਾ ਮਿਲਦਾ ਹੈ।
2. ਅਮਰਵੇਲ
ਅਮਰਵੇਲ ਇਕ ਅਜਿਹੀ ਵੇਲ ਹੈ ਜਿਸ ਦੀ ਕੋਈ ਜੜ੍ਹ ਨਹੀਂ ਹੁੰਦੀ। ਇਹ ਰੁੱਖ ਦੇ ਉੱਤੇ ਹੀ ਪੈਦਾ ਹੁੰਦੀ ਹੈ। ਰੁੱਖ ਤੋਂ ਹੀ ਆਪਣੀ ਖੁਰਾਕ ਲੈਂਦੀ ਹੈ। ਇਸ ਦੇ ਪੱਤੇ ਨਹੀਂ ਹੁੰਦੇ। ਇਹ ਤਾਰਾਂ ਵਰਗੀ ਹੁੰਦੀ ਹੈ। ਰੰਗ ਇਸ ਦਾ ਪੀਲਾ ਹੁੰਦਾ ਹੈ। ਅਮਰਵੇਲ ਨੂੰ ਅੰਬਰ ਵੇਲ ਅਤੇ ਅਕਾਸ਼ ਵੇਲ ਵੀ ਕਹਿੰਦੇ ਹਨ। ਅਮਰਵੇਲ ਜ਼ਿਆਦਾ ਬੇਰੀਆਂ ਦੇ ਰੁੱਖਾਂ ’ਤੇ ਹੁੰਦੀ ਹੈ। ਸਾਰੇ ਰੁੱਖ ਨੂੰ ਹੀ ਅਮਰਵੇਲ ਆਪਣੀ ਜਕੜ ਵਿਚ ਲੈ ਲੈਂਦੀ ਹੈ। ਅਮਰਵੇਲ ਵਾਲੇ ਰੁੱਖ ਦੀ ਦਿੱਖ ਇਸ ਤਰ੍ਹਾਂ ਬਣ ਜਾਂਦੀ ਹੈ ਜਿਵੇਂ ਰੁੱਖ ਉਪਰ ਅਮਰਵੇਲ ਦਾ ਜਾਲ ਬਣਾ ਕੇ ਪਾਇਆ ਹੋਵੇ।
ਪਹਿਲਾਂ ਹਰ ਪਿੰਡ ਵਿਚ ਰੁੱਖਾਂ ਉਪਰ ਅਮਰਵੇਲ ਪਈ ਮਿਲ ਜਾਂਦੀ ਸੀ। ਹੁਣ ਸ਼ਾਇਦ ਹੀ ਕਿਸੇ ਪਿੰਡ ਵਿਚ ਕੋਈ ਅਮਰਵੇਲ ਵਾਲਾ ਰੁੱਖ ਮਿਲੇ ? ਅਸਲ ਵਿਚ ਤਾਂ ਹੁਣ ਕਿਸੇ ਵੀ ਨਿੱਜੀ ਜ਼ਮੀਨ ਵਿਚ ਰੁੱਖ ਨਹੀਂ ਹਨ। ਇਸ ਲਈ ਅਮਰਵੇਲ ਕਿਥੋਂ ਹੋਣੀ ਹੈ। ਹਾਂ, ਕਿਸੇ ਨਹਿਰ ਦੀ ਪਟੜੀ ਦੁਆਲੇ, ਸੜਕਾਂ ਦੁਆਲੇ, ਸਰਕਾਰੀ ਗ਼ੈਰ ਆਬਾਦ ਜ਼ਮੀਨਾਂ ਅਤੇ ਸਰਕਾਰੀ ਜੰਗਲਾਂ ਵਿਚ ਕਿਸੇ ਰੁੱਖਾਂ 'ਤੇ ਪਈ ਅਮਰਵੇਲ ਮਿਲ ਸਕਦੀ ਹੈ ?
3. ਅੰਬ
ਅੰਬ ਪੰਜਾਬ ਦਾ ਆਮ ਰੁੱਖ ਨਹੀਂ ਹੈ। ਸਿਰਫ ਦੁਆਬੇ ਵਿਚ ਹੁੰਦਾ ਸੀ/ਹੈ। ਇਸ ਨੂੰ ਦੇਸੀ ਅੰਬ ਕਹਿੰਦੇ ਸਨ/ਹਨ। ਪਰ ਅੰਬ ਹੈ ਇਕ ਪ੍ਰਸਿੱਧ ਰੁੱਖ। ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ। ਅੰਬ ਨੂੰ ‘ਦੇਵਤਿਆਂ ਦਾ ਭੋਜਨ' ਕਿਹਾ ਜਾਂਦਾ ਹੈ। ਅੰਬ ਦੇ ਰੁੱਖ ਨੂੰ ‘ਇੱਛਾਪੂਰਤੀ ਰੁੱਖ' ਵੀ ਕਹਿੰਦੇ ਹਨ। ਧਾਰਨਾ ਹੈ ਕਿ ਜਿਹੜਾ ਅੰਬ ਦੇ ਰੁੱਖ ਦੀ ਪੂਜਾ ਕਰੇ, ਉਸ ਦੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਅੰਬ ਦੇ ਰੁੱਖ ਥੱਲੇ ਜੇ ਨਿਰਸੰਤਾਨ ਇਸਤਰੀ ਨ੍ਹਾਵੇ ਤਾਂ ਉਸ ਦੇ ਸੰਤਾਨ ਪੈਦਾ ਹੋ ਜਾਂਦੀ ਹੈ। ਵਿਆਹ/ਫੇਰੇ ਸਮੇਂ ਵੇਦੀ ਉਪਰ ਅੰਬ ਦੇ ਪੱਤੇ ਬੰਨ੍ਹੇ ਜਾਂਦੇ ਹਨ। ਧਾਰਨਾ ਹੈ ਅਜਿਹਾ ਕਰਨ ਨਾਲ ਪਹਿਲਾ ਬੱਚਾ ਲੜਕਾ ਹੋਵੇਗਾ। ਹਿੰਦੂ ਹਵਨ ਅੰਬ ਦੀ ਲੱਕੜ ਨਾਲ ਕਰਦੇ ਹਨ। ਹਿੰਦੂ ਅਤੇ ਬੋਧੀ ਅੰਬ ਨੂੰ ਪਵਿੱਤਰ ਰੁੱਖ ਮੰਨਦੇ ਹਨ। ਹਿੰਦੂ ਬਹੁਤ ਸਾਰੀਆਂ ਰਸਮਾਂ ਸਮੇਂ ਅੰਬ ਦੇ ਪੱਤਿਆਂ ਦੀ ਵਰਤੋਂ ਕਰਦੇ ਹਨ। ਕਈ ਕਵੀਆਂ ਨੇ ਅੰਬ ਦੇ ਫੁੱਲਾਂ ਨੂੰ ‘ਪ੍ਰੇਮ ਦਾ ਦੇਵਤਾ’ ਦੀ ਉਪਾਧੀ ਦਿੱਤੀ ਹੋਈ ਹੈ। ਅੰਬਾਂ ਦੀਆਂ ਅਣਗਿਣਤ ਕਿਸਮਾਂ ਹਨ। ਇਕ ਚੂਪਣ ਵਾਲੇ ਅੰਬ ਹੁੰਦੇ ਹਨ। ਇਨ੍ਹਾਂ ਅੰਬਾਂ ਨੂੰ ਹੱਥ ਨਾਲ ਘੁੱਟ ਕੇ ਰਸ ਚੂਸਿਆ ਜਾਂਦਾ ਹੈ। ਚੂਪਣ ਵਾਲੇ ਅੰਬਾਂ ਵਿਚ ਰੇਸ਼ੇ ਬਹੁਤ ਹੁੰਦੇ ਹਨ। ਅੰਬਾਂ ਦੀਆਂ ਬਹੁਤੀਆਂ ਕਿਸਮਾਂ ਕੱਟ ਕੇ ਖਾਧੀਆਂ ਜਾਂਦੀਆਂ ਹਨ। ਇਨ੍ਹਾਂ ਅੰਬਾਂ ਨੂੰ ਕਲਮੀ ਅੰਬ ਕਹਿੰਦੇ ਹਨ। ਕੱਚੇ ਅੰਬਾਂ ਦੀਆਂ ਫਾੜੀਆਂ ਕੱਟ ਕੇ ਅਚਾਰ ਪਾਇਆ ਜਾਂਦਾ ਹੈ।ਅੰਬਾਂ ਦੀਆਂ ਚਟਣੀਆਂ ਬਣਾਈਆਂ ਜਾਂਦੀਆਂ ਹਨ। ਅੰਬ ਚੂਰ ਬਣਾਇਆ ਜਾਂਦਾ ਹੈ। ਪੱਕੇ ਅੰਬਾਂ ਦੇ ਰਸ ਵਿਚ ਦੁੱਧ ਤੇ ਚੀਨੀ ਪਾ ਕੇ ਇਕ ਵਧੀਆ ਪੀਣ ਪਦਾਰਥ ਬਣਾਇਆ ਜਾਂਦਾ ਹੈ ਜਿਸ ਨੂੰ ਆਮ ਭਾਸ਼ਾ ਵਿਚ ‘ਮੈਗੋਂ ਸ਼ੇਕ’ ਕਹਿੰਦੇ ਹਨ। ਅੰਬਾਂ ਦੇ ਰਸਾਂ ਤੋਂ ਕੰਪਨੀਆਂ ਵੱਲੋਂ ਬਣਾਏ ਪੀਣ ਪਦਾਰਥ ਜਿਵੇਂ ਜੂਸ, ਸੁਕੈਸ਼, ਸ਼ਰਬਤ ਆਦਿ ਬਾਜ਼ਾਰ ਵਿਚੋਂ ਆਮ ਮਿਲਦੇ ਹਨ। ਅੰਬਾਂ ਦੇ ਪੱਤਿਆਂ ਨੂੰ ਵਿਆਹਾਂ ਵਿਚ ਦਰਵਾਜ਼ਿਆਂ ਉਪਰ ਸਜਾਵਟ ਲਈ ਲਟਕਾਇਆ ਜਾਂਦਾ ਹੈ।
ਪਹਿਲੇ ਸਮਿਆਂ ਵਿਚ ਦੁਆਬੇ ਦੇ ਹਰ ਪਿੰਡ ਦੇ ਹਰ ਜਿਮੀਂਦਾਰ ਦੇ ਖੇਤ ਵਿਚ ਥੋੜ੍ਹੇ ਬਹੁਤ ਅੰਬ ਦੇ ਰੁੱਖ ਜ਼ਰੂਰ ਲਾਏ ਜਾਂਦੇ ਸਨ। ਹੁਣ ਦੁਆਬੇ ਵਿਚ ਸ਼ਾਇਦ ਹੀ ਕਿਸੇ ਜਿਮੀਂਦਾਰ ਦੇ ਖੇਤ ਵਿਚ ਤੁਹਾਨੂੰ ਦੇਸੀ ਅੰਬ ਦੇ ਰੁੱਖ ਮਿਲਣ ? ਹਾਂ ! ਦੁਆਬੇ ਵਿਚ ਵਪਾਰਕ ਤੌਰ 'ਤੇ ਅੰਬਾਂ ਦੇ ਬਾਗ ਜ਼ਰੂਰ ਲੱਗੇ ਹੋਏ ਹਨ।
4. ਅਰਿੰਡ
ਅਰਿੰਡ ਨੂੰ ਆਮ ਬੋਲੀ ਵਿਚ ਰਿੰਡ ਕਹਿੰਦੇ ਹਨ। ਇਹ ਮਾੜੀ ਅਤੇ ਰੇਤਲੀ ਜ਼ਮੀਨਾਂ ਵਿਚ ਹੋ ਜਾਂਦਾ ਹੈ। ਇਹ ਆਪਣੇ ਆਪ ਹੀ ਹੋ ਜਾਂਦਾ ਹੈ। ਅਰਿੰਡ ਜ਼ਿਆਦਾ ਖੇਤਾਂ ਦੀਆਂ ਭੜੀਹਾਂ 'ਤੇ ਬੰਨ੍ਹਿਆ ਤੇ ਲਾਇਆ ਜਾਂਦਾ ਸੀ। ਅਰਿੰਡ ਰੁੱਖ ਦੀਆਂ ਕਈ ਕਿਸਮਾਂ ਹਨ। ਅਰਿੰਡ ਦੇ ਪੱਤੇ ਹਥੇਲੀ ਨੁਮਾ ਵੱਡੇ, ਚੌੜੇ, ਗੋਲਦਾਰ, ਦੰਦੇਦਾਰ ਕਿਨਾਰਿਆਂ ਵਾਲੇ ਹੁੰਦੇ ਹਨ। ਇਸ ਨੂੰ ਫੁੱਲ ਟਹਿਣੀਆਂ ਦੇ ਸਿਰਿਆਂ ਉਪਰ ਬੜੇ ਬੜੇ ਗੁੱਛਿਆਂ ਵਿਚ ਲੱਗਦੇ ਹਨ। ਫਲ ਕੰਡੇਦਾਰ ਕੈਪਸੂਲਾਂ ਵਿਚ ਹੁੰਦੇ ਹਨ ਜਿਨ੍ਹਾਂ ਨੂੰ ਤੋੜ ਕੇ ਕੱਢਿਆ ਜਾਂਦਾ ਹੈ। ਫਲ/ਬੀਜ ਲੰਮੇ ਲਾਲ ਭੂਰੇ ਰੰਗ ਦੇ ਚਿਤਕਬਰੇ ਹੁੰਦੇ ਹਨ। ਬੀਜਾਂ ਦਾ ਛਿਲਕਾ ਸਖ਼ਤ ਹੁੰਦਾ ਹੈ। ਬੀਜਾਂ ਨੂੰ ਕਈ ਦਵਾਈਆਂ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਬੀਜ ਜ਼ਹਿਰੀਲੇ ਹੁੰਦੇ ਹਨ।2/3 ਬੀਜ ਖਾਣ ਨਾਲ ਹੀ ਮੌਤ ਹੋ ਜਾਂਦੀ ਹੈ। ਬੀਜਾਂ ਵਿਚੋਂ ਤੇਲ ਕੱਢਿਆ ਜਾਂਦਾ ਹੈ ਜਿਸ ਨੂੰ ਕਸਟਰੋਲ ਕਹਿੰਦੇ ਹਨ। ਤੇਲ ਕਈ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਕਰੀਮਾਂ ਵਿਚ ਵਰਤਿਆ ਜਾਂਦਾ ਹੈ। ਮਸ਼ੀਨਾਂ ਨੂੰ ਦਿੱਤਾ ਜਾਂਦਾ ਹੈ। ਤੇਲ ਤੋਂ ਟਾਈਪ ਰਾਈਟਰਾਂ ਦੀ ਸਿਆਹੀ ਤਿਆਰ ਕੀਤੀ ਜਾਂਦੀ ਹੈ। ਪਿੰਡਾਂ ਦੀਆਂ ਜਨਾਨੀਆਂ ਇਸ ਤੇਲ ਨਾਲ ਆਪ ਹੀ ਕੱਪੜੇ ਧੋਣ ਵਾਲਾ ਸਾਬਣ ਤਿਆਰ ਕਰ ਲੈਂਦੀਆਂ ਹਨ।
ਹੁਣ ਪੰਜਾਬ ਦੀ ਸਾਰੀ ਧਰਤੀ ਆਬਾਦ ਹੈ। ਇਸ ਲਈ ਜਿਮੀਂਦਾਰ ਹੁਣ ਨਾ ਖੇਤਾਂ ਦੁਆਲੇ ਭੜੀਹਾਂ ਪਾਉਂਦੇ ਹਨ ਅਤੇ ਨਾ ਹੀ ਭੜੀਹਾਂ ਉਪਰ ਅਤੇ ਨਾ ਹੀ ਬੰਨ੍ਹਿਆਂ ਵਿਚ ਅਰਿੰਡ ਦੇ ਰੁੱਖ ਲਾਉਂਦੇ ਹਨ। ਹਾਂ, ਨਹਿਰਾਂ ਦੀਆਂ ਪਟੜੀਆਂ ਦੁਆਲੇ ਅਤੇ ਸਰਕਾਰੀ ਗ਼ੈਰ ਆਬਾਦ ਜ਼ਮੀਨਾਂ ਵਿਚ ਕਿਤੇ-ਕਿਤੇ ਅਰਿੰਡ ਦੇ ਰੁੱਖ ਜ਼ਰੂਰ ਮਿਲ ਜਾਂਦੇ ਹਨ।
5. ਸਰਕੜਾ
ਕਾਨਿਆਂ ਦੇ ਬੂਟੇ ਨੂੰ ਸਰਕੜਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਸਰਕੜੇ ਨੂੰ ਸਰਵਾੜ੍ਹ, ਸਲਵਾੜ੍ਹ, ਸਰਕੰਡਾ ਅਤੇ ਸਰੂਟ ਵੀ ਕਹਿੰਦੇ ਹਨ। ਸਰਕੜੇ ਦੀ ਵਰਤੋਂ ਚੁਲ੍ਹੇ/ਚੁਰ ਵਿਚ ਅੱਗ ਬਾਲ ਕੇ ਰੋਟੀ ਬਣਾਉਣ ਲਈ, ਚਾਹ ਬਣਾਉਣ, ਦੁੱਧ ਤੱਤਾ ਕਰਨ ਲਈ ਕੀਤੀ ਜਾਂਦੀ ਸੀ। ਸਰਕੜੇ ਨੂੰ ਘੁਲ੍ਹਾੜੀ ਦੀ ਬਹਿਣੀ ਵਿਚ ਬਾਲ ਕੇ ਗੰਨੇ ਦੇ ਰਸ ਤੋਂ ਗੁੜ, ਸ਼ੱਕਰ ਬਣਾਈ ਜਾਂਦੀ ਸੀ। ਸਰਕੜੇ ਨਾਲ ਹੀ ਰਹਿਣ ਲਈ ਝੁੱਗੀਆਂ ਬਣਾਈਆਂ ਜਾਂਦੀਆਂ ਸਨ। ਸਰਕੜੇ ਨਾਲ ਪਸ਼ੂਆਂ ਲਈ ਟੱਪ ਬਣਾਏ ਜਾਂਦੇ ਸਨ। ਸਰਕੜਾ ਘਰਾਂ ਦੀਆਂ ਛੱਤਾਂ ਪਾਉਣ ਲਈ ਵਰਤਿਆ ਜਾਂਦਾ ਸੀ। ਸਰਕੜੇ ਨਾਲ ਮਨ੍ਹੇ ਬਣਾਏ ਜਾਂਦੇ ਸਨ। ਸਰਕੜੇ ਦੇ ਫਿੜਕੇ ਬਣਾਏ ਜਾਂਦੇ ਸਨ। ਸਰਕੜੇ ਦੇ ਕਾਨਿਆਂ ਦੇ ਸਿਰਕੇ ਬਣਾਏ ਜਾਂਦੇ ਸਨ। ਮੂਹੜੇ ਬਣਾਏ ਜਾਂਦੇ ਸਨ। ਸਰਕੜੇ ਦੀਆਂ ਤੀਲਾਂ ਦੀਆਂ ਸਿਰਕੀਆਂ ਛੱਤਾਂ ਪਾਉਣ ਸਮੇਂ ਵਰਤੀਆਂ ਜਾਂਦੀਆਂ ਸਨ। ਤੀਲਾਂ ਦੀ ਗਲੋਟੇ ਰੱਖਣ ਲਈ ਕੱਤਣੀ ਬਣਾਈ ਜਾਂਦੀ ਸੀ। ਤੀਲਾਂ ਦੇ ਛੱਜ ਅਤੇ ਛਜਲੀ ਬਣਾਏ ਜਾਂਦੇ ਸਨ। ਤੀਲਾਂ ਦੇ ਬੱਚਿਆਂ ਦੇ ਕਈ ਕਿਸਮ ਦੇ ਖਿਡੌਣੇ ਬਣਾਏ ਜਾਂਦੇ ਸਨ। ਕਾਨਿਆਂ ਨੂੰ ਧਰਤੀ ਵਿਚ ਗੱਡ ਕੇ ਖੱਦਰ ਦੇ ਖੇਸ, ਚੁਤਹੀਆਂ, ਦੁਪੱਟੇ ਆਦਿ ਕਪੜੇ ਬਣਾਉਣ ਲਈ ਤਾਣਾ ਤਣਿਆ ਜਾਂਦਾ ਸੀ। ਕਾਨਿਆਂ ਉਪਰ ਦਰੀਆਂ ਦਾ ਪੇਟਾ ਵਲ੍ਹੇਟ ਕੇ ਦਰੀਆਂ ਬੁਣੀਆਂ ਜਾਂਦੀਆਂ ਸਨ। ਕਾਨਿਆਂ ਦੀਆਂ ਪੋਰੀਆਂ ਨਾਲੇ ਬਣਨ ਲਈ ਵਰਤੀਆਂ ਜਾਂਦੀਆਂ ਸਨ। ਪੋਰੀਆਂ ਦੀਆਂ ਲਿਖਣ ਲਈ ਕਲਮਾਂ ਬਣਾਈਆਂ ਜਾਂਦੀਆਂ ਸਨ। ਪੱਤਿਆਂ ਦਾ ਰੇਸ਼ਾ ਰੱਸੇ ਅਤੇ ਕਾਗਜ਼ ਬਣਾਉਣ ਲਈ ਵਰਤਿਆ ਜਾਂਦਾ ਸੀ/ਹੈ। ਸਰਕੜੇ ਦੇ ਫੁੱਲ ਚਿੱਟੇ ਚਾਂਦੀ ਰੰਗੇ ਮੁਲਾਇਮ ਹੁੰਦੇ ਹਨ। ਸਰਕੜੇ ਦੀ ਵਰਤੋਂ ਕਈ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ। ਗੱਲ ਕੀ ਸਰਕੜਾ ਬਹੁ-ਮੰਤਵੀ ਕੰਮ ਦਿੰਦਾ ਸੀ/ਹੈ।
ਪਹਿਲੇ ਸਮਿਆਂ ਵਿਚ ਬਹੁਤੀਆਂ ਜ਼ਮੀਨਾਂ ਗ਼ੈਰ-ਆਬਾਦ ਹੁੰਦੀਆਂ ਸਨ ਜਿਨ੍ਹਾਂ ਵਿਚ ਰੁੱਖਾਂ, ਮਲ੍ਹਿਆਂ ਦੇ ਨਾਲ ਸਰਕੜਾ ਵੀ ਆਮ ਹੁੰਦਾ ਸੀ। ਸਰਕੜਾ ਮਾੜੀ ਤੋਂ ਮਾੜੀ ਜ਼ਮੀਨ ਵਿਚ ਹੋ ਜਾਂਦਾ ਹੈ। ਪਿੰਡ ਦੀ ਸ਼ਾਮਲਾਟ ਜ਼ਮੀਨਾਂ ਵਿਚ ਬੰਨ੍ਹਿਆਂ ਵਿਚ, ਝਿੜੀਆਂ ਵਿਚ, ਦਰਿਆਵਾਂ ਦੇ ਕਿਨਾਰਿਆਂ ਨਾਲ, ਨਹਿਰਾਂ ਤੇ ਸੂਇਆਂ ਦੀਆਂ ਪਟੜੀਆਂ ਨਾਲ, ਸੜਕਾਂ ਨਾਲ, ਸਰਕਾਰੀ ਜੰਗਲਾਂ ਵਿਚ ਸਰਕੜਾ ਹੀ ਸਰਕੜਾ ਖੜ੍ਹਾ ਹੁੰਦਾ ਸੀ। ਖੇਤਾਂ ਦੀਆਂ ਭੜੀਹਾਂ ਤੇ ਵੀ ਲੋਕੀ ਸਰਕੜਾ ਲਾ ਦਿੰਦੇ
ਸਨ।
ਹੁਣ ਪੰਜਾਬ ਦੀ ਸਾਰੀ ਦੀ ਸਾਰੀ ਨਿੱਜੀ ਜ਼ਮੀਨ ਆਬਾਦ ਹੋ ਗਈ ਹੈ। ਇਸ ਲਈ ਸਰਕੜਾ ਹੁਣ ਦਰਿਆਵਾਂ ਦੇ ਕੰਢਿਆਂ 'ਤੇ ਨਹਿਰਾਂ ਦੀਆਂ ਪਟੜੀਆਂ ਦੇ ਨਾਲ, ਸੜਕਾਂ ਨਾਲ ਅਤੇ ਸਰਕਾਰੀ ਜੰਗਲਾਂ ਵਿਚ ਹੀ ਕਿਤੇ ਕਿਤੇ ਖੜ੍ਹਾ ਨਜ਼ਰ ਆਉਂਦਾ ਹੈ।
6. ਸਰੀਂਹ
ਕਿਸੇ ਸਮੇਂ ਸਰੀਂਹ ਦਾ ਰੁੱਖ ਪੰਜਾਬ ਵਿਚ ਆਮ ਹੁੰਦਾ ਸੀ। ਗ਼ੈਰ-ਆਬਾਦ ਜ਼ਮੀਨਾਂ, ਸਾਂਝੀਆਂ ਜ਼ਮੀਨਾਂ, ਖੂਹਾਂ ਦੀਆਂ ਪੈੜਾਂ ਅਤੇ ਪਸ਼ੂਆਂ ਦੇ ਵਾੜਿਆਂ ਵਿਚ ਆਮ ਲੱਗਿਆ ਹੁੰਦਾ ਸੀ। ਸਰੀਂਹ ਦੇ ਰੁੱਖ ਦੀ ਐਨੀ ਮਹੱਤਤਾ ਸੀ/ਹੈ ਕਿ ਜਦ ਕਿਸੇ ਪਰਿਵਾਰ ਵਿਚ ਮੁੰਡਾ ਜੰਮਦਾ ਸੀ ਤਾਂ ਘਰ ਦੇ ਦਰਵਾਜ਼ੇ ਉਪਰ ਸਰੀਂਹ ਦੀਆਂ ਟਾਹਣੀਆਂ ਨੂੰ ਖੰਮਣੀ ਵਿਚ ਪਰੋ ਕੇ ਟੰਗਿਆ ਜਾਂਦਾ ਸੀ/ਹੈ। ਧਾਰਨਾ ਹੈ ਕਿ ਫੇਰ ਬੁਰੀਆਂ ਰੂਹਾਂ ਘਰ ਅੰਦਰ ਨਹੀਂ ਆਉਂਦੀਆਂ। ਸਰੀਂਹ ਦੇ ਰੁੱਖ ਨੂੰ ਬਰਕਤ ਵਾਲਾ ਰੁੱਖ ਮੰਨਿਆ ਜਾਂਦਾ ਹੈ। ਇਸ ਲਈ ਜਿਸ ਪਰਿਵਾਰ ਨੇ ਸਰੀਂਹ ਦੇ ਰੁੱਖ ਲਾਏ ਹੋਣ, ਉਹ ਪਰਿਵਾਰ ਵੱਧਦਾ-ਫੁੱਲਦਾ ਹੈ। ਇਸ ਦੇ ਫੁੱਲ ਚਿੱਟੇ ਖੁਸ਼ਬੂਦਾਰ ਹੁੰਦੇ ਹਨ। ਗੁੱਛਿਆਂ ਵਿਚ ਲੱਗਦੇ ਹਨ। ਇਸ ਦਾ ਫਲ ਲੰਮੀਆਂ ਅਤੇ ਚੌੜੀਆਂ ਫਲੀਆਂ ਹੈ, ਜਿਸ ਵਿਚ ਬੀਜ ਹੁੰਦੇ ਹਨ। ਇਸ ਦੀ ਛਿੱਲ ਤੇੜਾਂ ਵਾਲੀ ਹੁੰਦੀ ਹੈ।ਛਿੱਲ ਮੱਛੀਆਂ ਫੜਨ ਵਾਲੇ ਜਾਲ ਰੰਗਣ ਲਈ ਵਰਤੀ ਜਾਂਦੀ ਹੈ। ਕਈ ਦਵਾਈਆਂ ਵਿਚ ਵੀ ਵਰਤੀ ਜਾਂਦੀ ਹੈ। ਇਸ ਦਾ ਪਾਣੀ ਅੱਖਾਂ ਦੇ ਸੂਰਮੇ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਦੀ ਲੱਕੜ ਫਰਨੀਚਰ, ਘਰ ਦੇ ਸਾਮਾਨ, ਖੇਤੀਬਾੜੀ ਦੇ ਸੰਦ ਅਤੇ ਕੋਹਲੂ ਬਣਾਉਣ ਦੇ ਕੰਮ ਆਉਂਦੀ ਹੈ। ਸਰੀਂਹ ਦੀ ਗੂੰਦ, ਬੀਜ ਦਵਾਈਆਂ ਵਿਚ ਵਰਤੀ ਜਾਂਦੀ ਹੈ। ਇਸ ਦੀਆਂ ਜੜ੍ਹਾਂ ਵੀ ਦੁਆਈਆਂ ਵਿਚ ਕੰਮ ਆਉਂਦੀਆਂ ਹਨ।
ਹੁਣ ਸਰੀਂਹ ਦਾ ਰੁੱਖ ਨਾ ਕਿਸੇ ਦੀ ਨਿੱਜੀ ਜ਼ਮੀਨ ਵਿਚ ਅਤੇ ਨਾ ਹੀ ਸਾਂਝੀਆਂ ਜ਼ਮੀਨਾਂ ਵਿਚ ਮਿਲਦਾ ਹੈ। ਮੁੰਡਾ ਜੰਮਣ 'ਤੇ ਸਰੀਂਹ ਦੇ ਰੁੱਖਾਂ ਦੀਆਂ ਟਾਹਣੀਆਂ ਦੀ ਥਾਂ ਹੁਣ ਨਿੰਮ ਦੀਆਂ ਟਾਹਣੀਆਂ ਜਾਂ ਕਿਸੇ ਵੀ ਰੁੱਖ ਦੀਆਂ ਟਾਹਣੀਆਂ ਨੂੰ ਦਰਵਾਜ਼ੇ 'ਤੇ ਟੰਗਣ ਦਾ ਰਿਵਾਜ ਚੱਲ ਪਿਆ ਹੈ। ਹੁਣ ਸਰਕਾਰੀ ਗੈਰ-ਆਬਾਦ ਜ਼ਮੀਨਾਂ ਅਤੇ ਸਰਕਾਰੀ ਜੰਗਲਾਂ ਵਿਚ ਸਰੀਂਹ ਦੇ ਰੁੱਖ ਜ਼ਰੂਰ ਮਿਲਦੇ ਹਨ ਪਰ ਸਰੀਂਹ ਦੇ ਰੁੱਖ ਦਾ ਸੁਨਿਹਰੀ ਯੁੱਗ ਬੀਤ ਗਿਆ ਹੈ।
7. ਸਫੈਦਾ
ਸਫੈਦਾ ਸਿੱਕੇ ਦੇ ਬਣੇ ਇਕ ਚਿੱਟੇ ਪਦਾਰਥ ਨੂੰ ਵੀ ਕਹਿੰਦੇ ਹਨ ਜੋ ਰੰਗ-ਰੋਗਨ ਵਿਚ ਵਰਤਿਆ ਜਾਂਦਾ ਹੈ। ਪਰ ਮੈਂ ਤੁਹਾਨੂੰ ਸਫੈਦੇ ਦੇ ਰੁੱਖ ਬਾਰੇ ਦੱਸਣ ਲੱਗਿਆਂ ਹਾਂ। ਇਹ ਇਕ਼ ਉੱਚਾ, ਲੰਮਾ ਤੇ ਤੇਜੀ ਨਾਲ ਵਧਣ ਵਾਲਾ ਰੁੱਖ ਹੈ। ਇਸ ਨੂੰ ਪਾਣੀ ਦੀ ਬਹੁਤ ਲੋੜ ਰਹਿੰਦੀ ਹੈ। ਇਸੇ ਕਰਕੇ ਇਸ ਨੂੰ ਸੇਮ ਵਾਲੇ ਇਲਾਕਿਆਂ ਵਿਚ ਜ਼ਿਆਦਾ ਲਾਇਆ ਜਾਂਦਾ ਸੀ/ਹੈ। ਇਸ ਦੇ ਫੁੱਲ ਸਫੈਦ ਪੀਲੇ ਹੁੰਦੇ ਹਨ। ਫਲ ਛੋਟੇ ਹੁੰਦੇ ਹਨ। ਇਸ ਦੀ ਲੱਕੜ ਖੰਭਿਆਂ, ਟਰੱਕਾਂ ਦੀਆਂ ਬਾਡੀਆਂ, ਕਰੇਟਾਂ, ਫਰਨੀਚਰ, ਬਕਸਿਆਂ ਅਤੇ ਘਰ ਬਣਾਉਣ ਲਈ ਵਰਤੀ ਜਾਂਦੀ ਹੈ। ਸਫੈਦੇ ਦੇ ਫੁੱਲਾਂ ਤੋਂ ਮਧੂ- ਮੱਖੀਆਂ ਵਧੀਆ ਕਿਸਮ ਦਾ ਸ਼ਹਿਦ ਬਣਾਉਂਦੀਆਂ ਹਨ। ਨਰਮ ਲੱਕੜ ਤੋਂ ਕਾਗਜ਼ ਬਣਦਾ ਹੈ। ਸਫੈਦੇ ਦੇ ਪੱਤਿਆਂ ਵਿਚੋਂ ਜੋ ਤੇਲ ਨਿਕਲਦਾ ਹੈ ਉਹ ਬਹੁਤ ਸਾਰੀਆਂ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਇਕ ਵਾਰ ਸਫੈਦਾ ਲਾਇਆ ਤਿੰਨ ਵਾਢਾਂ ਦੇ ਦਿੰਦਾ ਹੈ। ਪਹਿਲੀ ਵਾਢ 10/12 ਸਾਲ ਪਿਛੋਂ, ਦੂਜੀ ਤੇ ਤੀਜੀ ਵਾਢ 6/8 ਸਾਲਾਂ ਪਿਛੋਂ। ਇਹ ਸਦਾ ਬਹਾਰ ਰੁੱਖ ਹੈ। ਗਰਮੀ ਸਰਦੀ ਦਾ ਇਸ ’ਤੇ ਬਹੁਤਾ ਅਸਰ ਨਹੀਂ ਹੁੰਦਾ। ਪਨੀਰੀ ਤੋਂ ਲਾਇਆ ਜਾਂਦਾ ਹੈ। ਰੇਤਲੀਆਂ ਜ਼ਮੀਨਾਂ ਵਿਚ ਵੀ ਹੋ ਜਾਂਦਾ ਹੈ।
ਹੁਣ ਧਰਤੀ ਹੇਠਲਾ ਪਾਣੀ ਬਹੁਤ ਦੂਰ ਚਲਿਆ ਗਿਆ ਹੈ। ਇਸ ਲਈ ਜਿਥੇ ਪਹਿਲਾਂ ਸਫੈਦਾ ਆਮ ਲਾਇਆ ਜਾਂਦਾ ਸੀ, ਹੁਣ ਕੋਈ ਵੀ ਸਫੈਦਾ ਨਹੀਂ ਲਾਉਂਦਾ। ਹੁਣ ਜ਼ਿਆਦਾ ਉਹ ਰੁੱਖ ਲਾਏ ਜਾਂਦੇ ਹਨ ਜਿਨ੍ਹਾਂ ਨੂੰ ਪਾਣੀ ਦੀ ਘੱਟ ਤੋਂ ਘੱਟ ਲੋੜ ਪਵੇ ਤੇ ਤੇਜੀ ਨਾਲ ਵਧਣ।
8. ਸੁਹੰਜਣਾ
ਸੁਹੰਜਣਾ ਰੁੱਖ ਵਿਚ ਬਹੁਤ ਸਾਰੇ ਗੁਣ ਹਨ। ਪਹਿਲਾਂ ਗ਼ੈਰ-ਆਬਾਦ ਜ਼ਮੀਨਾਂ ਵਿਚ ਇਹ ਰੁੱਖ਼ ਹੁੰਦਾ ਸੀ। ਇਸ ਦੀਆਂ ਫਲੀਆਂ ਦੀ ਸਬਜ਼ੀ ਬਣਾਈ ਜਾਂਦੀ ਸੀ। ਆਚਾਰ ਪਾਇਆ ਜਾਂਦਾ ਸੀ। ਪੱਤੇ ਚਾਰੇ ਦੇ ਤੌਰ 'ਤੇ ਵਰਤੇ ਜਾਂਦੇ ਸਨ। ਬੀਜਾਂ ਨੂੰ ਤਲ ਕੇ ਖਾਧਾ ਜਾਂਦਾ ਸੀ। ਬੀਜਾਂ ਦਾ ਤੇਲ ਕੱਢਿਆ ਜਾਂਦਾ ਸੀ ਜਿਹੜਾ ਬਾਲਣ ਲਈ ਅਤੇ ਸ਼ਿੰਗਾਰ ਦੀਆਂ ਵਸਤਾਂ ਬਣਾਉਣ ਵਿਚ ਵਰਤਿਆ ਜਾਂਦਾ ਸੀ। ਲੱਕੜ ਫਰਨੀਚਰ ਬਣਾਉਣ ਲਈ ਕੰਮ ਆਉਂਦੀ ਸੀ। ਇਸ ਰੁੱਖ ਦੇ ਸਾਰੇ ਭਾਗ ਜਿਵੇਂ ਫੁੱਲ, ਫਲ, ਬੀਜ, ਛਿੱਲ, ਗੂੰਦ ਅਤੇ ਜੜ੍ਹਾਂ ਕਈ ਦਵਾਈਆਂ ਵਿਚ ਵਰਤੀਆਂ ਜਾਂਦੀਆਂ ਹਨ।
ਹੁਣ ਮਾਲਵੇ ਵਿਚ ਇਹ ਰੁੱਖ ਘੱਟ ਹੀ ਮਿਲਦਾ ਹੈ। ਕੰਢੀ ਇਲਾਕੇ ਵਿਚ ਮਿਲਦਾ ਹੈ।
9. ਕਰੀਰ
ਪਹਿਲਾਂ ਬਹੁਤ ਸਾਰੀਆਂ ਜ਼ਮੀਨਾਂ ਗ਼ੈਰ-ਆਬਾਦ ਹੁੰਦੀਆਂ ਸਨ। ਪਿੰਡਾਂ ਦੀਆਂ ਸਾਂਝੀਆਂ, ਸ਼ਾਮਲਾਟ ਜ਼ਮੀਨਾਂ ਤਾਂ ਸਾਰੀਆਂ ਹੀ ਗ਼ੈਰ-ਆਬਾਦ ਹੁੰਦੀਆਂ ਸਨ। ਇਨ੍ਹਾਂ ਉਜਾੜ ਜ਼ਮੀਨਾਂ ਵਿਚ ਹਰ ਕਿਸਮ ਦੇ ਰੁੱਖ ਅਤੇ ਝਾੜੀਆਂ ਉੱਗੇ ਹੁੰਦੇ ਸਨ। ਇਨ੍ਹਾਂ ਵਿਚ ਕਰੀਰ ਦੀਆਂ ਝਾੜੀਆਂ ਵੀ ਆਮ ਹੁੰਦੀਆਂ ਸਨ। ਕਰੀਰ ਇਕ ਕੰਡੇਦਾਰ ਅਤੇ ਬਿਨਾਂ ਪੱਤਿਆਂ ਤੋਂ ਝਾੜੀ ਹੈ। ਕਰੀਰ ਦੇ ਕੱਚੇ ਫਲ ਨੂੰ ਡੇਲੇ ਕਹਿੰਦੇ ਹਨ। ਡੇਲਿਆਂ ਦਾ ਆਚਾਰ ਪਾਇਆ ਜਾਂਦਾ ਸੀ। ਪਹਿਲੇ ਸਮਿਆਂ ਵਿਚ ਲੋਕ ਡੇਲਿਆਂ ਦਾ ਆਚਾਰ ਖਾਂਦੇ ਵੀ ਬਹੁਤ ਸਨ। ਸੰਗਰੂਰ ਕੋਲ ਗੁਰਦੁਆਰਾ ਨਾਨਕਿਆਣਾ ਸਾਹਿਬ ਹੈ ਜਿਥੇ ਕਰੀਰ ਦੇ ਰੁੱਖ ਨਾਲ ਗੁਰੂ ਹਰਗੋਬਿੰਦ ਜੀ ਨੇ ਆਪਣਾ ਘੋੜਾ ਬੰਨਿਆ ਸੀ। ਗੁਰਦੁਆਰਾ ਸਾਹਿਬ ਵਿਚ ਅਜੇ ਵੀ ਇਹ ਕਰੀਰ ਦਾ ਰੁੱਖ ਮੌਜੂਦ ਹੈ। ਕੱਚੇ ਡੇਲਿਆਂ ਦਾ ਰੰਗ ਹਰਾ ਹੁੰਦਾ ਹੈ। ਜਦ ਡੇਲੇ ਪੱਕ ਜਾਂਦੇ ਹਨ ਤਾਂ ਇਨ੍ਹਾਂ ਦਾ ਰੰਗ ਲਾਲ ਹੋ ਜਾਂਦਾ ਹੈ। ਲਾਲ ਡੇਲਿਆਂ ਨੂੰ ਪੇਂਙੂ ਕਹਿੰਦੇ ਹਨ। ਇਹ ਖਾਣ ਦੇ ਕੰਮ ਆਉਂਦੇ ਹਨ। ਬਹੁਤ ਮਿੱਠੇ ਹੁੰਦੇ ਹਨ। ਕਰੀਰ ਦੀਆਂ ਝਿੰਗਾਂ ਉਪਰ ਵੱਟੀਆਂ ਸੇਵੀਆਂ ਨੂੰ ਪਾ ਕੇ ਸੁਕਾਇਆ ਜਾਂਦਾ ਹੈ। ਕਰੀਰ ਦੀ ਲੱਕੜ ਬਹੁਤ ਸਖ਼ਤ ਹੁੰਦੀ ਹੈ। ਇਸ ਲਈ ਉਸ ਨੂੰ ਸਿਉਂਕ ਨਹੀਂ ਲੱਗਦੀ। ਕਰੀਰ ਦੀ ਲੱਕੜ ਦੇ ਗੱਡੇ ਦੇ ਪਹੀਏ ਬਣਾਏ ਜਾਂਦੇ ਸਨ। ਕਰੀਰ ਦੀ ਲੱਕੜ ਦੀ ਛਿੱਲ, ਡੇਲੇ ਅਤੇ ਜੜ੍ਹਾਂ ਨੂੰ ਕਈ ਦਵਾਈਆਂ ਲਈ ਵਰਤਿਆ ਜਾਂਦਾ ਹੈ
ਹੁਣ ਨਹਿਰਾਂ ਦੀਆਂ ਪਟੜੀਆਂ ਦੁਆਲੇ ਅਤੇ ਸਰਕਾਰੀ ਜੰਗਲਾਂ ਵਿਚ ਹੀ ਸ਼ਾਇਦ ਕਰੀਰ ਦੀਆਂ ਝਾੜੀਆਂ ਮਿਲਣ ? ਇਸ ਲਈ ਡੇਲੇ ਅਤੇ ਪੇਂਝ ਕਿਥੋਂ ਮਿਲਣੇ ਹਨ ? ਹਾਂ, ਡੇਲਿਆਂ ਦਾ ਅਚਾਰ ਸ਼ਹਿਰਾਂ ਦੀਆਂ ਆਚਾਰ ਵੇਚਣ ਵਾਲੀਆਂ ਦੁਕਾਨਾਂ ਜ਼ਰੂਰ ਮਿਲ ਜਾਂਦਾ ਹੈ ਪਰ ਇਹ ਆਚਾਰ ਵੀ ਪੁਰਾਣੇ ਬਜ਼ੁਰਗ ਹੀ ਖਾਂਦੇ ਹਨ।
10. ਕਿੱਕਰ
ਕਿਸੇ ਸਮੇਂ ਕਿੱਕਰ ਦਾ ਰੁੱਖ ਆਮ ਰੁੱਖ ਹੁੰਦਾ ਸੀ। ਸਭ ਤੋਂ ਵੱਧ ਹੁੰਦਾ ਸੀ। ਨਹਿਰਾਂ ਦੀਆਂ ਪਟੜੀਆਂ ਅਤੇ ਸੜਕਾਂ ਦੇ ਕਿਨਾਰੇ ਆਮ ਲੱਗਿਆ ਹੁੰਦਾ ਸੀ। ਕਿੱਕਰ ਬਰਾਨੀ ਜ਼ਮੀਨਾਂ ਵਿਚ, ਘੱਟ ਉਪਜਾਊ ਜ਼ਮੀਨਾਂ ਵਿਚ ਅਤੇ ਰੇਤਲੀ ਜ਼ਮੀਨਾਂ ਵਿਚ ਵੀ ਹੋ ਜਾਂਦੀ ਹੈ। ਕਿੱਕਰ ਦੇ ਰੁੱਖ ਦੀਆਂ ਸੂਲਾਂ/ਕੰਡੇ ਸਾਰੇ ਰੁੱਖਾਂ ਨਾਲੋਂ ਲੰਮੇ ਹੁੰਦੇ ਹਨ। ਕਿੱਕਰ ਦੀ ਲੱਕੜ ਬਹੁਤੀ ਚੰਗੀ ਨਹੀਂ ਮੰਨੀ ਜਾਂਦੀ। ਇਹ ਬਾਲਣ, ਕੋਲਾ ਬਣਾਉਣ, ਕਾਗਜ਼ ਬਣਾਉਣ ਅਤੇ ਇਮਾਰਤਾਂ ਵਿਚ ਵਰਤੀ ਜਾਂਦੀ ਹੈ ਕਿੱਕਰ ਦੇ ਰੁੱਖ ਉੱਪਰ ਭੂਤ-ਚੁੜੈਲਾਂ ਦਾ ਵਾਸਾ ਮੰਨਿਆ ਜਾਂਦਾ ਹੈ। ਇਸ ਲਈ ਰਾਤ ਨੂੰ ਕਿੱਕਰ ਥੱਲੇ ਕੋਈ ਮੰਜਾ ਨਹੀਂ ਡਾਹੁੰਦਾ।ਕਿੱਕਰ ਦੇ ਰੁੱਖ ਵਿਚ ਕਈ ਗੁਣ ਵੀ ਹਨ। ਕਿੱਕਰ ਦੀ ਦਾਤਣ ਚੰਗੀ ਮੰਨੀ ਜਾਂਦੀ ਹੈ। ਕਿੱਕਰ ਦੇ ਸੱਕਾਂ ਨਾਲ ਚਮੜਾ ਰੰਗਿਆ ਜਾਂਦਾ ਹੈ। ਸੱਕ ਸ਼ਰਾਬ ਕੱਢਣ ਲਈ ਵੀ ਵਰਤੇ ਜਾਂਦੇ ਹਨ। ਕਈ ਦਵਾਈਆਂ ਵਿਚ ਜੜ੍ਹਾਂ ਅਤੇ ਪੱਤੇ ਵੀ ਵਰਤੇ ਜਾਂਦੇ ਹਨ। ਕਿੱਕਰਾਂ ਦੀ ਗੂੰਦ ਜੱਚਾ ਦੀ ਪੰਜੀਰੀ ਅਤੇ ਹੋਰ ਵਸਤਾਂ ਦੇ ਨਾਲ ਵਰਤੀ ਜਾਂਦੀ ਹੈ। ਗੂੰਦ ਹੋਰ ਦਵਾਈਆਂ ਵਿਚ ਵੀ ਵਰਤੀ ਜਾਂਦੀ ਹੈ। ਕਾਗਜ਼ ਅਤੇ ਹੋਰ ਵਸਤਾਂ ਜੋੜਨ ਦੇ ਕੰਮ ਆਉਂਦੀ ਹੈ। ਮੋਮਬੱਤੀਆਂ ਅਤੇ ਸਿਆਹੀ ਬਣਆਉਣ ਲਈ ਵਰਤੀ ਜਾਂਦੀ ਹੈ।
ਕਿੱਕਰ ਦੀਆਂ ਪੱਤੀਆਂ ਪਹਿਲਾਂ ਹਰੇ ਰੰਗ ਦੀਆਂ ਹੁੰਦੀਆਂ ਹਨ। ਫੇਰ ਲਾਲ ਹੋ ਜਾਂਦੀਆਂ ਹਨ। ਜਦ ਕਿੱਕਰ ਦੀਆਂ ਸਾਰੀਆਂ ਪੱਤੀਆਂ ਝੜ ਜਾਂਦੀਆਂ ਹਨ ਤਾਂ ਫੇਰ ਫੁੱਲ ਗੁੱਛਿਆਂ ਵਿਚ ਲੱਗਦੇ ਹਨ। ਫੁੱਲ ਪੀਲੇ ਹੁੰਦੇ ਹਨ। ਕਿੱਕਰ ਦੇ ਫਲ ਧਾਗੇ ਵਿਚ ਗੋਲ ਪਰੋਦੀਆਂ ਫਲੀਆਂ ਜਿਹੇ ਹੁੰਦੇ ਹਨ। ਪਹਿਲਾਂ ਹਰੇ ਰੰਗ ਦੇ ਹੁੰਦੇ ਹਨ। ਫੇਰ ਪੀਲੇ/ਕਾਲੇ ਹੋ ਜਾਂਦੇ ਹਨ। ਕਿੱਕਰ ਦੇ ਫਲ ਨੂੰ ਤੁੱਕੇ ਕਹਿੰਦੇ ਹਨ। ਲੋਕ ਕੱਚੇ ਤੁੱਕੇ ਵੀ ਖਾ ਜਾਂਦੇ ਹਨ। ਤੁੱਕਿਆ ਦਾ ਆਚਾਰ ਵੀ ਪਾਇਆ ਜਾਂਦਾ ਹੈ। ਪਰ ਤੁੱਕਿਆਂ ਵਿਚ ਤੇਜ਼ਾਬੀ ਮਾਤਾ ਬਹੁਤ ਹੁੰਦਾ ਹੈ। ਤੁੱਕੇ ਕਈ ਦਵਾਈਆਂ ਵਿਚ ਵੀ ਵਰਤੇ ਜਾਂਦੇ ਹਨ। ਕੱਚੇ ਤੁੱਕਿਆਂ ਨੂੰ ਬਕਰੀਆਂ ਬਹੁਤ ਖੁਸ਼ ਹੋ ਕੇ ਖਾਂਦੀਆਂ ਹਨ।
ਹੁਣ ਕਿੱਕਰਾਂ ਦੇ ਨਵੇਂ ਰੁੱਖ ਨਹੀਂ ਲਾਏ ਜਾਂਦੇ। ਪੁਰਾਣੀਆਂ ਕਿੱਕਰਾਂ ਹੀ ਕਿਤੇ ਕਿਤੇ ਖੜ੍ਹੀਆਂ ਹਨ।
11. ਜੰਡ
ਪਹਿਲੇ ਸਮਿਆਂ ਵਿਚ ਜੰਡ ਦੇ ਰੁੱਖ ਪੰਜਾਬ ਵਿਚ ਆਮ ਸਨ। ਏਸੇ ਕਰ ਕੇ ਜੰਡਾਂ ਦੇ ਰੁੱਖਾਂ ਨਾਲ ਕਈ ਲੋਕ ਵਿਸ਼ਵਾਸ ਵੀ ਜੁੜੇ ਹੋਏ ਹਨ। ਪਹਿਲੇ ਸਮਿਆਂ ਦੇ ਵਿਆਹਾਂ ਵਿਚ ਕਈ ਜਾਤਾਂ ਵਿਚ ਜੰਡ ਕੱਟਣ/ਜੰਡੀ ਵੱਢਣ ਦਾ ਰਿਵਾਜ ਸੀ।ਜੰਡ ਕੱਟਣ ਦੀ ਰਸਮ ਜੰਨ ਚੜ੍ਹਨ ਸਮੇਂ ਲਾੜਾ ਜੰਡ ਦੁਆਲੇ ਸੱਤ ਗੇੜੇ ਦੇ ਕੇ ਕਰਦਾ ਸੀ। ਕਈ ਹਿੰਦੂ ਬੱਚੇ ਦੇ ਮੁੰਡਣ ਸਮੇਂ ਜੰਡ ਕੱਟਣ ਦੀ ਰਸਮ ਕਰਦੇ ਸਨ। ਹੋਰ ਵੀ ਹਿੰਦੂਆਂ ਦੀਆਂ ਕਈ ਰਸਮਾਂ ਜੰਡ ਨਾਲ ਜੁੜੀਆਂ ਹੋਈਆਂ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨਾਲ ਸੰਬੰਧਿਤ ਗੁਰਦੁਆਰਾ ਜੰਡਸਰ ਤਲਵੰਡੀ ਸਾਬੋ ਵਿਚ ਹੈ। ਇਥੇ ਇਕ ਜੰਡ ਨਾਲ ਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀ। ਚਮਕੌਰ ਦੀ ਗੜ੍ਹੀ ਵਿਚੋਂ ਨਿਕਲ ਕੇ ਗੁਰੂ ਗੋਬਿੰਦ ਸਿੰਘ ਜੀ ਕੁਝ ਸਮੇਂ ਇਕ ਜੰਡ ਥੱਲੇ ਠਹਿਰੇ ਸਨ। ਏਥੇ ਵੀ ਜੰਡ ਸਾਹਿਬ ਗੁਰਦੁਆਰਾ ਹੈ। ਪਿੰਡ ਦਾ ਨਾਂ ਵੀ ਜੰਡ ਸਾਹਿਬ ਹੈ। ਏਸੇ ਤਰ੍ਹਾਂ ਹੀ ਹੁਸਿਆਰਪੁਰ, ਮੁਕਤਸਰ ਤੇ ਫਰੀਦਕੋਟ ਜ਼ਿਲ੍ਹਿਆਂ ਦੇ ਪਿੰਡਾਂ ਵਿਚ ਜਿਥੇ ਗੁਰੂ ਸਾਹਿਬਾਨ ਜੰਡ ਹੇਠ ਆਪ ਠਹਿਰੇ ਜਾਂ ਘੋੜਾ ਬੰਨ੍ਹਿਆ, ਉਥੇ ਵੀ ਗੁਰਦੁਆਰੇ ਬਣੇ ਹੋਏ ਹਨ। ਮਿਰਜ਼ਾ ਸਾਹਿਬਾਂ ਦੀ ਪ੍ਰੇਮ ਕਹਾਣੀ ਦਾ ਅੰਤ ਵੀ ਮਿਰਜ਼ੇ ਦਾ ਕਤਲ ਸਾਹਿਬਾਂ ਦੇ ਭਰਾਵਾਂ ਵੱਲੋਂ ਜੰਡ ਦੇ ਰੁੱਖ ਥੱਲੇ ਕਰ ਕੇ ਕੀਤਾ ਗਿਆ ਸੀ। ਬ੍ਰਾਹਮਣ, ਖੱਤਰੀ ਤੇ ਬਿਸ਼ਨੋਈ ਜਾਤੀ ਵਾਲੇ ਜੰਡ ਦੀ ਪੂਜਾ ਕਰਦੇ ਹਨ। ਇਸ ਤੋਂ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਪੰਜਾਬ ਵਿਚ ਪਹਿਲੇ ਸਮਿਆਂ ਵਿਚ ਜੰਡਾਂ ਦੇ ਰੁੱਖਾਂ ਦੀ ਭਰਮਾਰ ਸੀ।
ਜੰਡ ਜੰਗਲੀ ਰੁੱਖ ਹੈ। ਰੇਤਲੀਆਂ ਅਤੇ ਖੁਸ਼ਕ ਜ਼ਮੀਨਾਂ ਵਿਚ ਹੁੰਦਾ ਹੈ। ਇਸ ਨੂੰ ਫੁੱਲ ਅਪ੍ਰੈਲ-ਮਈ ਵਿਚ ਪੈਂਦੇ ਹਨ। ਫਲੀਆਂ ਜੂਨ ਵਿਚ ਬਣਦੀਆਂ ਸਨ। ਕੱਚੀਆਂ ਫਲੀਆਂ ਨੂੰ ਛੋਟੀਆਂ ਛੋਟੀਆਂ ਕੱਟ ਕੇ ਲੱਸੀ ਦੇ ਪਨੀਰ ਵਿਚ ਪਾ ਕੇ ਖਾਂਦੇ ਸਨ। ਫਲੀਆਂ ਸੁਕਾ ਕੇ ਜਾਂ ਉਬਾਲ ਕੇ ਵੀ ਖਾਧੀਆਂ ਜਾਂਦੀਆਂ ਸਨ। ਫੁੱਲ, ਸੱਕ ਤੇ ਫਲੀਆਂ ਨੂੰ ਕਈ ਦਵਾਈਆਂ ਵਿਚ ਵੀ ਵਰਤਿਆ ਜਾਂਦਾ ਹੈ। ਬੱਕਰੀਆਂ, ਭੇਡਾਂ ਵੀ ਪੱਤੇ ਫਲੀਆਂ ਖੁਸ਼ ਹੋ ਕੇ ਖਾਂਦੀਆਂ ਸਨ। ਪੱਤੇ ਚਾਰੇ ਵਜੋਂ ਵਰਤੇ ਜਾਂਦੇ ਸਨ। ਲੱਕੜ ਗੱਡੇ ਦੇ ਪਹੀਏ, ਖੇਤੀਬਾੜੀ ਦੇ ਸੰਦ, ਘਰ ਬਣਾਉਣ ਅਤੇ ਬਾਲਣ ਦੇ ਕੰਮ ਆਉਂਦੀ ਸੀ। ਜੰਡ ਦਾ ਰੁੱਖ ਜਦ ਬਹੁਤ ਪੁਰਾਣਾ ਹੋ ਜਾਂਦਾ ਸੀ ਤਾਂ ਉਸ ਦੇ ਅੰਦਰ ਖੋਲ ਪੈ ਜਾਂਦਾ ਸੀ। ਇਸ ਖੋਲ ਵਿਚ ਸੱਪ ਆਮ ਤੌਰ 'ਤੇ ਆਪਣੀ ਖੁੱਡ ਬਣਾ ਲੈਂਦੇ ਸਨ।
ਹੁਣ ਪੰਜਾਬ ਦੀ ਸਾਰੀ ਨਿੱਜੀ ਜ਼ਮੀਨ ਆਬਾਦ ਹੈ। ਇਸ ਲਈ ਤੁਹਾਨੂੰ ਕਿਸੇ ਵੀ ਨਿੱਜੀ ਜ਼ਮੀਨ ਵਿਚ ਜੰਡ ਦੇ ਰੁੱਖ ਨਹੀਂ ਮਿਲਣਗੇ। ਹਾਂ, ਸਰਕਾਰੀ ਜੰਗਲ ਜਾਂ ਕੰਢੀ ਏਰੀਏ ਵਿਚ ਸ਼ਾਇਦ ਤੁਹਾਨੂੰ ਜੰਡ ਦੇ ਰੁੱਕ ਮਿਲ ਜਾਣ ?
12. ਜਾਮਣ
ਜਾਮਣ ਪੰਜਾਬ ਦਾ ਆਮ ਰੁੱਖ ਨਹੀਂ ਹੈ। ਦੁਆਬੇ ਦੇ ਇਲਾਕੇ ਵਿਚ ਹੁੰਦਾ ਸੀ। ਪੰਜਾਬ ਦੇ ਰਿਆਸਤੀ ਰਾਜਿਆਂ ਦੀਆਂ ਰਾਜਧਾਨੀਆਂ ਵਿਚ ਜ਼ਰੂਰ ਹੁੰਦਾ ਸੀ। ਰੁੱਖ ਦੀ ਲੰਬਾਈ 10/15 ਕੁ ਫੁੱਟ ਹੁੰਦੀ ਹੈ। ਜਾਮਣ ਦੇ ਰੁੱਖ ਦੇ ਫਲ ਨੂੰ ਵੀ ਜਾਮਣ ਕਹਿੰਦੇ ਹਨ। ਕਈ ਇਲਾਕਿਆਂ ਵਿਚ ਜਾਮਣੂ ਅਤੇ ਜੰਮੂ ਵੀ ਕਹਿੰਦੇ ਹਨ। ਰੁੱਖ ਦੀ ਛਿਲ ਖੁਰਦਰੀ ਹੁੰਦੀ ਹੈ। ਪੱਤੇ ਤਿੱਖੇ ਦਾਣੇਦਾਰ ਹੁੰਦੇ ਹਨ। ਫੁੱਲ ਚਿੱਟੇ-ਘਸਮੈਲੇ ਹੁੰਦੇ ਹਨ।ਡੰਡੀਆਂ ਤੇ ਬਹੁਤ ਸਾਰੇ ਇਕੱਠੇ ਹੀ ਲੱਗਦੇ ਹਨ। ਡੰਡੀਆਂ ਪੱਤਿਆਂ ਦੇ ਹੇਠਾਂ ਹੁੰਦੀਆਂ ਹਨ। ਫਲ ਪਹਿਲਾਂ ਹਰ ਹੁੰਦਾ ਹੈ। ਪੱਕ ਕੇ ਗੂੜਾ ਜਾਮਣੀ ਜਾਂ ਕਾਲਾਂ ਹੋ ਜਾਂਦਾ ਹੈ। ਰਸਦਾਰ ਬਣ ਜਾਂਦਾ ਹੈ। ਖਾਣ ਵਿਚ ਥੋੜ੍ਹਾ ਖੱਟਾ ਹੁੰਦਾ ਹੈ। ਫਲ ਖਾਂਦੇ ਸਮੇਂ ਮੂੰਹ ਤੇ ਹੱਥ ਜਾਮਣੀ ਰੰਗ ਵਿਚ ਰੰਗੇ ਜਾਂਦੇ ਹਨ। ਫਲ ਵਿਚ ਗਿਟਕ ਹੁੰਦੀ ਹੈ। ਫਲ ਤੋਂ ਸ਼ਰਬਤ, ਜੈਲੀ, ਸ਼ਰਾਬ ਬਣਾਈ ਜਾਂਦੀ ਹੈ।
ਜਾਮਣਾਂ ਦਾ ਜੈਮ ਵੀ ਬਣਾਇਆ ਜਾਂਦਾ ਹੈ। ਜੈਮ ਵੀ ਥੋੜ੍ਹਾ ਖੱਟਾ ਹੁੰਦਾ ਹੈ। ਰੁੱਖ ਦੀ ਛਿੱਲ ਅਤੇ ਫਲ ਕਈ ਦਵਾਈਆਂ ਵਿਚ ਵਰਤੇ ਜਾਂਦੇ ਹਨ। ਛਿੱਲ ਨੂੰ ਮੱਛੀਆਂ ਫੜਨ ਵਾਲੇ ਜਾਲ ਨੂੰ ਰੰਗਣ ਲਈ ਵਰਤਿਆ ਜਾਂਦਾ ਹੈ। ਕੱਚੀਆਂ ਜਾਮਣਾਂ ਦਾ ਸਿਰਕਾ ਤਿਆਰ ਕੀਤਾ ਜਾਂਦਾ ਹੈ ਜਿਹੜਾ ਪੇਟ ਦੀ ਗੈਸ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਪੱਤਿਆਂ ਦੀਆਂ ਪੱਤਲਾਂ ਅਤੇ ਡੂਨੇ ਬਣਾਏ ਜਾਂਦੇ ਹਨ। ਪੱਤੇ ਭੇਡਾਂ, ਬੱਕਰੀਆਂ ਦਾ ਚਾਰਾ ਵੀ ਹੈ। ਜਾਮਣ ਦੇ ਰੁੱਖ ਦੀ ਪੂਜਾ ਵੀ ਕੀਤੀ ਜਾਂਦੀ ਹੈ। ਪੰਡਤਾਂ ਨੂੰ ਜਾਮਣ ਦੇ ਰੁੱਖ ਦੇ ਹੇਠਾਂ ਭੋਜਨ ਛਕਾਉਣਾ ਸ਼ੁਭ ਮੰਨਿਆ ਜਾਂਦਾ ਹੈ। ਜਾਮਣ ਦਾ ਰੁੱਖ ਹੁਣ ਪੰਜਾਬ ਵਿਚ ਬਹੁਤ ਹੀ ਘੱਟ ਮਿਲਦਾ ਹੈ।
13. ਟਾਹਲੀ
ਟਾਹਲੀ ਪੰਜਾਬ ਦਾ ਇਕ ਮਸ਼ਹੂਰ ਰੁੱਖ ਹੈ। ਟਾਹਲੀ ਨੂੰ ਪੰਜਾਬ ਦਾ ਰਾਜ ਰੁੱਖ ਵੀ ਕਹਿੰਦੇ ਹਨ। ਟਾਹਲੀ ਨੂੰ ਸ਼ੀਸ਼ਮ ਵੀ ਕਹਿੰਦੇ ਹਨ। ਇਸ ਦੀ ਲੱਕੜ ਸਭ ਲੱਕੜਾਂ ਨਾਲੋਂ ਮਜ਼ਬੂਤ ਮੰਨੀ ਜਾਂਦੀ ਹੈ। ਜੜ੍ਹ ਤੋਂ ਉਪਰ ਜਿਥੇ ਤੱਕ ਟਾਹਲੀ ਦੇ ਰੁੱਖ ਦਾ ਇਕ ਤਣਾ ਹੁੰਦਾ ਹੈ, ਉਸ ਤਣੇ ਨੂੰ ਪੋਰਾ ਕਹਿੰਦੇ ਹਨ। ਪੋਰੇ ਵਾਲਾ ਹਿੱਸਾ ਹੀ ਟਾਹਲੀ ਦਾ ਸਭ ਤੋਂ ਪੱਕਾ, ਤਾਕਤਵਰ ਹਿੱਸਾ ਹੁੰਦਾ ਹੈ। ਸਭ ਤੋਂ ਮਹਿੰਗੀ ਲੱਕੜ ਟਾਹਲੀ ਦੀ ਹੈ। ਟਾਹਲੀ ਦੀ ਲੱਕੜ ਦਾ ਫਰਨੀਚਰ ਬਹੁਤ ਵਧੀਆ ਬਣਦਾ ਹੈ। ਟਾਹਲੀ ਦੀ ਲੱਕੜ ਦੇ ਸੰਦੂਖ ਬਣਾਏ ਜਾਂਦੇ ਹਨ। ਚਰਖੇ ਬਣਾਏ ਜਾਂਦੇ ਹਨ। ਟਾਹਲੀ ਦੇ ਪੱਤੇ, ਛਿਲਕਾਂ, ਲੱਕੜ ਆਦਿ ਦੀ ਕਈ ਦਵਾਈਆਂ ਵਿਚ ਵਰਤੋਂ ਕੀਤੀ ਜਾਂਦੀ ਹੈ।
ਟਾਹਲੀ ਦੇ ਰੁੱਖ ਆਮ ਤੌਰ 'ਤੇ ਖੂਹਾਂ ਦੀਆਂ ਪੈੜਾਂ ਦੁਆਲੇ ਅਤੇ ਖੇਤਾਂ ਦੇ ਬੰਨ੍ਹਿਆਂ ਦੁਆਲੇ ਲਾਏ ਜਾਂਦੇ ਸਨ। ਸਰਕਾਰੀ ਤੌਰ 'ਤੇ ਟਾਹਲੀ ਦੇ ਰੁੱਖ ਨਹਿਰਾਂ ਦੀਆਂ ਪਟੜੀਆਂ ਅਤੇ ਸੜਕਾਂ ਦੇ ਨਾਲ-ਨਾਲ ਲਾਏ ਜਾਂਦੇ ਸਨ। ਟਾਹਲੀ ਦਾ ਰੁੱਖ ਵਧਦਾ ਬਹੁਤ ਹੌਲੀ-ਹੌਲੀ ਹੈ। ਟਾਹਲੀ ਦੇ ਸਾਰੇ ਪੱਤੇ ਇਕੋ ਵੇਰ ਨਹੀਂ ਝੜਦੇ। ਟਾਹਲੀ ਦੇ ਫੁੱਲ ਸਫੈਦ ਰੰਗ ਦੇ ਹੁੰਦੇ ਹਨ। ਗੁੱਛਿਆਂ ਵਿਚ ਲੱਗਦੇ ਹਨ। ਫਲ ਇਕ ਚਪਟੀ ਪਤਲੀ ਪੱਤਰੀ ਵਰਗਾ ਹੁੰਦਾ ਹੈ ਜਿਸ ਵਿਚ ਬੀਜ ਹੁੰਦੇ ਹਨ।
ਹੁਣ ਸਿਰਫ ਨਹਿਰਾਂ ਦੀਆਂ ਪਟੜੀਆਂ ਦੁਆਲੇ, ਸੜਕਾਂ ਦੁਆਲੇ ਅਤੇ ਪੁਰਾਣੇ ਜੰਗਲਾਂ ਵਿਚ ਹੀ ਟਾਹਲੀ ਦੇ ਪੁਰਾਣੇ ਰੁੱਖ ਮਿਲਦੇ ਹਨ। ਹੁਣ ਟਾਹਲੀ ਬਹੁਤ ਘੱਟ ਲਾਈ ਜਾਂਦੀ ਹੈ। ਟਾਹਲੀ ਦੀ ਥਾਂ ਹੁਣ ਛੇਤੀ-ਛੇਤੀ ਵਧਣ ਵਾਲੇ ਰੁੱਖ ਲਾਏ ਜਾਂਦੇ ਹਨ।
13. ਡੇਕ
ਡੇਕ ਇਕ ਸਦਾਬਹਾਰ ਰੁੱਖ ਹੈ। ਕਈ ਇਲਾਕਿਆਂ ਵਿਚ ਡੇਕ ਨੂੰ ਧਰੇਕ ਅਤੇ ਬਕੈਨ ਵੀ ਕਹਿੰਦੇ ਹਨ। ਡੇਕ ਦੀ ਸ਼ਕਲ ਨਿੰਮ ਦੇ ਰੁੱਖ ਨਾਲ ਮਿਲਦੀ-ਜੁਲਦੀ ਹੈ। ਪਰ ਡੇਕ ਦੇ ਪੱਤਿਆਂ ਅਤੇ ਫੁੱਲਾਂ ਦਾ ਰੰਗ ਨਿੰਮ ਦੇ ਪੱਤਿਆਂ ਅਤੇ ਫੁੱਲਾਂ ਨਾਲੋਂ ਵੱਖਰਾ ਹੁੰਦਾ ਹੈ।ਡੇਕ ਦੇ ਫੁੱਲ ਕਾਸ਼ਨੀ ਹੁੰਦੇ ਹਨ ਅਤੇ ਨਿੰਮ ਦੇ ਫੁੱਲ ਚਿੱਟੇ ਹੁੰਦੇ ਹਨ। ਡੇਕ ਦਾ ਰੁੱਖ ਬਹੁਤ ਸੰਘਣਾ ਹੁੰਦਾ ਹੈ। ਇਸ ਲਈ ਇਸ ਦੀ ਛਾਂ ਵੀ ਬਹੁਤ ਸੰਘਣੀ ਹੁੰਦੀ ਹੈ।ਡੇਕ ਦੇ ਫਲ ਵਿਚ ਗਿਟਕ ਹੁੰਦੀ ਹੈ। ਗਿਟਕ ਗੁੱਦੇਦਾਰ ਹੁੰਦੀ ਹੈ। ਗਿਟਕ ਵਿਚ ਆਮ ਤੌਰ 'ਤੇ ਚਾਰ ਕਰੜੇ ਬੀ ਹੁੰਦੇ ਹਨ। ਇਨ੍ਹਾਂ ਬੀਆਂ ਦੀ ਵਰਤੋਂ ਮਾਲਾ ਅਤੇ ਹਾਰ-ਹਮੇਲਾਂ ਬਣਾਉਣ ਲਈ ਕੀਤੀ ਜਾਂਦੀ ਹੈ। ਲੋਕਾਂ ਵਿਚ ਵਿਸ਼ਵਾਸ ਹੈ ਕਿ ਇਹ ਮਾਲਾ ਅਤੇ ਹਾਰ-ਹਮੇਲਾਂ ਪਾਉਣ ਨਾਲ ਕੋਈ ਛੂਤ ਦੀ ਬੀਮਾਰੀ ਨਹੀਂ ਲੱਗਦੀ। ਡੇਕ ਦਾ ਫਲ ਅਤੇ ਪੱਤੇ ਦਵਾਈਆਂ ਵਿਚ ਵਰਤੇ ਜਾਂਦੇ ਹਨ। ਡੇਕ ਦੀ ਲੱਕੜੀ ਕੌੜੀ ਹੁੰਦੀ ਹੈ। ਇਸ ਲਈ ਇਸ ਨੂੰ ਕੀੜਾ ਨਹੀਂ ਲੱਗਦਾ। ਡੇਕ ਦਾ ਫਲ ਬੱਕਰੀਆਂ ਅਤੇ ਭੇਡਾਂ ਖੁਸ਼ ਹੋ ਕੇ ਖਾਂਦੀਆਂ ਹਨ। ਡੇਕ ਦੇ ਬੀਜਾਂ ਵਿਚੋਂ ਤੇਲ ਨਿਕਲਦਾ ਹੈ ਜਿਹੜਾ ਸਾਬਣ ਬਣਾਉਣ, ਕੇਸ਼-ਤੇਲ, ਦੀਵਾ ਬਾਲਣ ਅਤੇ ਕਈ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਫਲ ਦੇ ਗੁੱਦੇ ਤੋਂ ਸ਼ਰਾਬ ਤਿਆਰ ਕੀਤੀ ਜਾਂਦੀ ਹੈ। ਲੱਕੜੀ ਦੇ ਗੁੱਦੇ ਤੋਂ ਮੋਟਾ ਕਾਗਜ਼ ਬਣਾਇਆ ਜਾਂਦਾ ਹੈ। ਲੱਕੜ ਤੋਂ ਖੇਤੀ ਸੰਦ, ਡੱਬੇ ਅਤੇ ਸੰਗੀਤਕ ਸਾਜ਼ ਬਣਾਏ ਜਾਂਦੇ ਹਨ।
ਜਦ ਮਨੁੱਖੀ ਵਸੋਂ ਕੁੱਲੀਆਂ ਅਤੇ ਕੱਚੇ ਘਰਾਂ ਵਿਚ ਰਹਿੰਦੀ ਸੀ, ਉਸ ਸਮੇਂ ਪਸ਼ੂਆਂ ਨੂੰ ਵਾੜਿਆਂ ਵਿਚ ਰੱਖਿਆ ਜਾਂਦਾ ਸੀ। ਗਰਮੀ ਦੇ ਮੌਸਮ ਵਿਚ ਪਸ਼ੂਆਂ ਨੂੰ ਰੁੱਖਾਂ ਥੱਲੇ ਵਿਸ਼ੇਸ਼ ਤੌਰ 'ਤੇ ਡੇਕਾਂ ਦੇ ਰੁੱਖਾਂ ਥੱਲੇ ਰੱਖਿਆ ਜਾਂਦਾ ਸੀ ਕਿਉਂ ਜੋ ਡੇਕਾਂ ਦੀ ਛਾਂ ਸੰਘਣੀ ਹੁੰਦੀ ਸੀ। ਖੂਹਾਂ ਦੀਆਂ ਪੈੜਾਂ ਦੁਆਲੇ ਅਤੇ ਵਾੜਿਆਂ ਵਿਚ ਜ਼ਿਆਦਾ ਰੁੱਖ ਡੋਕਾਂ ਦੇ ਹੀ ਲਾਏ ਜਾਂਦੇ ਸਨ। ਹੁਣ ਨਾ ਖੂਹ ਰਹੇ ਹਨ ਅਤੇ ਨਾ ਹੀ ਪੈੜਾਂ ਰਹੀਆਂ ਹਨ। ਨਾ ਹੀ ਵਾੜੇ ਰਹੇ ਹਨ। ਹੁਣ ਪਸ਼ੂਆਂ ਨੂੰ ਵਾੜਿਆਂ ਦੀ ਥਾਂ ਪੱਕੇ ਘਰਾਂ ਵਿਚ ਰੱਖਿਆ ਜਾਂਦਾ ਹੈ। ਹਾਂ, ਹੁਣ ਵੀ ਜਿਹੜੇ ਮਾਨਸਾ, ਬਠਿੰਡਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਗਰੀਬ ਪਰਿਵਾਰ ਹਨ, ਉਹ ਆਪਣੇ ਪਸ਼ੂਆਂ ਨੂੰ ਵਾੜਿਆਂ ਵਿਚ ਰੱਖਦੇ ਹਨ, ਜਿਥੇ ਡੋਕਾਂ ਦੇ ਰੁੱਖ ਲੱਗੇ ਹੁੰਦੇ ਹਨ। ਹੁਣ ਡੇਕਾਂ ਦੇ ਰੁੱਖ ਬੰਬੀਆਂ ਉਪਰ ਲੱਗੇ ਜ਼ਰੂਰ ਮਿਲਦੇ ਹਨ। ਪਰ ਡੇਕਾਂ ਦੇ ਰੁੱਖਾਂ ਦੀ ਹੁਣ ਪਹਿਲੇ ਜਿੰਨੀ ਪ੍ਰਧਾਨਤਾ ਨਹੀਂ ਰਹੀ।
15. ਢੱਕ
ਢੱਕ ਦਾ ਰੁੱਖ ਰੇਤਲੇ ਤੇ ਖੁਸ਼ਕ ਇਲਾਕੇ ਦਾ ਰੁੱਖ ਹੈ। ਇਹ ਹਲਕੀਆਂ ਜ਼ਮੀਨਾਂ ਵਿਚ ਵੀ ਹੋ ਜਾਂਦਾ ਹੈ। ਇਸ ਨੂੰ ਜੰਗਲੀ ਰੁੱਖ ਵੀ ਕਹਿੰਦੇ ਹਨ। ਇਹ ਵਿੰਗ-ਤੜਿੰਗਾਂ ਅਤੇ ਅਣਘੜ ਜਿਹਾ ਰੁੱਖ ਹੈ। ਢੱਕ ਦੇ ਰੁੱਖ ਨੂੰ ਕਈ ਇਲਾਕਿਆਂ ਵਿਚ ਪਲਾਹ, ਪਲਾਸ ਅਤੇ ਛਿਛਰਾ ਵੀ ਕਹਿੰਦੇ ਹਨ। ਢੱਕ ਦੇ ਰੁੱਖ ਨੂੰ ‘ਵਣ ਜਵਾਲਾ’ ‘ਜੰਗਲ ਦੀ ਲਾਟ' ਵੀ ਕਹਿੰਦੇ ਹਨ। ਸਰਦੀ ਦੇ ਮੌਸਮ ਵਿਚ ਬਹੁਤ ਸਾਰੇ ਰੁੱਖਾਂ ਦੇ ਪੱਤੇ ਝੜ ਜਾਂਦੇ ਹਨ।ਢੱਕ ਦੇ ਪੱਤੇ ਵੀ ਝੜ ਜਾਂਦੇ ਹਨ। ਗਰਮੀ ਦੀ ਰੁੱਤ ਜਦ ਸ਼ੁਰੂ ਹੁੰਦੀ ਹੈ ਤਾਂ ਢੱਕ ਨੂੰ ਲਾਲ ਸੰਤਰੀ ਰੰਗ ਦੇ ਬੜੇ ਬੜੇ ਭਰਵੇਂ ਫੁੱਲ ਲੱਗਦੇ ਹਨ। ਇਨ੍ਹਾਂ ਸੰਤਰੀ, ਲਾਲ ਫੁੱਲਾਂ ਕਰ ਕੇ ਹੀ ਇਸਨੂੰ ‘ਵਣ ਜਵਾਲਾ’ ‘ਜੰਗਲ ਦੀ ਲਾਟ' ਦਾ ਰੁੱਖ ਕਿਹਾ ਜਾਂਦਾ ਹੈ। ਇਸ ਦਾ ਫਲ ਚਪਟੀ ਫਲੀ ਵਰਗਾ ਹੁੰਦਾ ਹੈ ਜਿਸ ਅੰਦਰ ਬੜਾ ਸਾਰਾ ਬੀਜ ਹੁੰਦਾ ਹੈ। ਇਹ ਬੀਜ ਕਈ ਦੁਆਈਆਂ ਵਿਚ ਵਰਤਿਆ ਜਾਂਦਾ ਹੈ। ਬੀਜ ਵਿਚੋਂ ਤੇਲ ਨਿਕਲਦਾ ਹੈ ਜੋ ਸਾਬਣ ਬਣਾਉਣ ਦੇ ਕੰਮ ਆਉਂਦਾ ਹੈ।
ਕਿਸੇ ਸਮੇਂ ਪੰਜਾਬ ਵਿਚ ਬਹੁਤੇ ਜੰਗਲ ਸਨ। ਉਸ ਸਮੇਂ ਖੇਤੀ ਸਾਰੀ ਬਾਰਸ਼ਾਂ ’ਤੇ ਨਿਰਭਰ ਸੀ। ਉਸ ਸਮੇਂ ਪੰਜਾਬ ਦੇ ਹਰ ਹਿੱਸੇ ਵਿਚ ਢੱਕ ਦੇ ਰੁੱਖ ਹੁੰਦੇ ਸਨ। ਇਸ ਦਾ ਸਬੂਤ ਸਾਡਾ ਸਿੱਖ ਇਤਿਹਾਸ ਵੀ ਦਿੰਦਾ ਹੈ। ਅੰਮ੍ਰਿਤਸਰ ਤੋਂ ਕੋਈ ਤਿੰਨ ਕੁ ਕਿਲੋਮੀਟਰ ਦੀ ਦੂਰੀ 'ਤੇ ਇਕ ਇਤਿਹਾਸਕ ਗੁਰਦੁਆਰਾ ਹੈ ਜਿਥੇ ਪਲਾਹ ਦੇ ਰੁੱਖ ਥੱਲੇ ਸ੍ਰੀ ਗੁਰੂ ਹਰਗੋਬਿੰਦ ਜੀ ਠਹਿਰੇ ਸਨ। ਇਸ ਥਾਂ 'ਤੇ ਬਣਾਏ ਗਏ ਗੁਰਦੁਆਰੇ ਦਾ ਨਾਂ ‘ਪਲਾਹ ਸਾਹਿਬ' ਰੱਖਿਆ ਹੋਇਆ ਹੈ।
ਢੱਕ ਦੇ ਰੁੱਖ ਦੀ ਛਿੱਲ ਵਿਚ ਜਦ ਟੱਕ ਲਾਇਆ ਜਾਂਦਾ ਹੈ, ਚੀਰਾ ਦਿੱਤਾ ਜਾਂਦਾ ਹੈ ਤਾਂ ਇਸ ਵਿਚੋਂ ਲਾਲ ਰੰਗ ਦਾ ਰਸ ਨਿਕਲਦਾ ਹੈ। ਇਹ ਰਸ ਸੁੱਕ ਕੇ ਗੂੰਦ ਬਣ ਜਾਂਦੀ ਹੈ। ਇਸ ਗੁੰਦ ਨੂੰ ਕਈ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਢੱਕ ਦੇ ਪੱਤਿਆਂ ਦੀਆਂ ਪੱਤਲਾਂ ਅਤੇ ਡੂਨੇ ਬਣਾਏ ਜਾਂਦੇ ਹਨ।
ਬੀੜੀਆਂ ਬਣਾਉਣ ਲਈ ਵੀ ਪੱਤਿਆਂ ਨੂੰ ਵਰਤਿਆ ਜਾਂਦਾ ਹੈ। ਪੱਤਿਆਂ ਨੂੰ ਪਸ਼ੂਆਂ ਦੇ ਚਾਰੇ ਵਜੋਂ ਵੀ ਵਰਤਿਆ ਜਾਂਦਾ ਹੈ। ਢੱਕ ਦੀ ਲੱਕੜ ਪਾਣੀ ਵਿਚ ਵੀ ਬਹੁਤ ਦੇਰ ਤੱਕ ਖਰਾਬ ਨਹੀਂ ਹੁੰਦੀ। ਇਸ ਲਈ ਖੂਹਾਂ ਦੇ ਚੱਕ ਵੀ ਢੱਕ ਦੀ ਲੱਕੜ ਦੇ ਬਣਾਏ ਜਾਂਦੇ ਸਨ। ਢੱਕ ਦੇ ਤਿੰਨ ਪੱਤਿਆਂ ਵਿਚ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਦਾ ਨਿਵਾਸ ਮੰਨਿਆ ਜਾਂਦਾ ਹੈ। ਇਸ ਦੀ ਲੱਕੜ ਯੱਗ ਕਰਨ ਲਈ ਚੰਗੀ ਮੰਨੀ ਜਾਂਦੀ ਹੈ।
ਹੁਣ ਢੱਕ ਦਾ ਰੁੱਖ ਕੰਡੀ ਏਰੀਏ ਵਿਚ ਹੀ ਮਿਲਦਾ ਹੈ। ਪੰਜਾਬ ਦੇ ਹੋਰ ਕਿਸੇ ਏਰੀਏ ਵਿਚ ਸ਼ਾਇਦ ਹੀ ਮਿਲੇ ?
16. ਤੂਤ
ਤੂਤ ਦਾ ਰੁੱਖ ਪਹਿਲੇ ਸਮਿਅ ਵਿਚ ਆਮ ਹੁੰਦਾ ਸੀ। ਪਸ਼ੂਆਂ ਦਿਆਂ ਵਾੜਿਆਂ, ਵਾੜਾਂ, ਸੜਕਾਂ ਦੁਆਲੇ ਅਤੇ ਖੂਹਾਂ ਦੀਆਂ ਪੈੜਾਂ ਦੁਆਲੇ ਖਾਸ ਤੌਰ 'ਤੇ ਲਾਇਆ ਜਾਂਦਾ ਸੀ ਕਿਉਂ ਜੋ ਤੂਤ ਦੀ ਛਾਂ ਸੰਘਣੀ ਹੁੰਦੀ ਹੈ। ਤੂਤ ਬਹੁ-ਮੰਤਵੀ ਕੰਮ ਦਿੰਦਾ ਸੀ। ਤੂਤ ਦੀਆਂ ਛਿਟੀਆਂ ਦੇ ਟੋਕਰੇ, ਟੋਕਰੀਆਂ, ਰੋਟੀਆਂ ਰੱਖਣ ਲਈ ਛਾਬੇ, ਛਿੱਕੂ ਆਦਿ ਬਣਾਏ ਜਾਂਦੇ ਸਨ/ਹਨ। ਤੂਤ ਦਾ ਫਲ ਤੂਤੀਆਂ ਖਾਣ ਦੇ ਕੰਮ ਆਉਂਦਾ ਸੀ/ਹੈ। ਤੂਤ ਦੀ ਲੱਕੜ ਤੋਂ ਖੇਡਾਂ ਦਾ ਸਮਾਨ ਵਿਸ਼ੇਸ਼ ਤੌਰ 'ਤੇ ਕ੍ਰਿਕਟ ਦੇ ਬੈਟ, ਵਿਕਟਾਂ, ਹਾਕੀ, ਟੈਨਿਸ ਦੇ ਰੈਕਟ ਬਣਾਏ ਜਾਂਦੇ ਹਨ। ਤੂਤ ਦੇ ਪੱਤੇ ਬੱਕਰੀਆਂ ਦਾ ਚਾਰਾ ਹੈ। ਤੂਤ ਦੇ ਫਲਾਂ ਤੋਂ ਸ਼ਰਾਬ ਵੀ ਕੱਢੀ ਜਾਂਦੀ ਹੈ। ਤੂਤ ਦੀ ਲੱਕੜ ਵਿਚੋਂ ਨਿਕਲੇ ਰਸ ਨਾਲ ਚਮੜਾ ਰੰਗਿਆ ਜਾਂਦਾ ਹੈ। ਤੂਤੀਆਂ ਨੂੰ ਕਈ ਕਿਸਮਾਂ ਦੀਆਂ ਦੁਆਈਆਂ ਵਿਚ ਵਰਤਿਆ ਜਾਂਦਾ ਹੈ। ਪਹਿਲੇ ਸਮਿਆਂ ਵਿਚ ਵਿਆਹ ਤੋਂ ਪਿਛੋਂ ਲਾੜਾ ਲਾੜੀ ਦੀ ਛਿਟੀਆਂ ਖੇਡਣ ਦੀ ਇਕ ਰਸਮ ਹੁੰਦੀ ਸੀ ਜਿਹੜੀ ਤੂਤ ਦੀਆਂ ਛਿਟੀਆਂ ਨਾਲ ਖੇਡੀ ਜਾਂਦੀ ਸੀ। ਹੁਣ ਇਹ ਰਸਮ ਖਤਮ ਹੋ ਗਈ ਹੈ।
ਹੁਣ ਪੰਜਾਬ ਵਿਚੋਂ ਖੂਹ ਤਕਰੀਬਨ ਖਤਮ ਹੋ ਗਏ ਹਨ। ਇਸ ਲਈ ਖੂਹ ਦੀਆਂ ਪੈੜਾਂ ਵੀ ਖਤਮ ਹੋ ਗਈਆਂ ਹਨ। ਪਸ਼ੂਆਂ ਦੇ ਵਾੜੇ ਵੀ ਹੁਣ ਬਹੁਤੇ ਨਹੀਂ ਰਹੇ, ਜਿਹੜੇ ਰਹੇ ਹਨ, ਉਥੇ ਹੁਣ ਤੂਤਾਂ ਦੀ ਥਾਂ ਹੁਣ ਡੇਕਾਂ ਦੇ ਰੁੱਖ ਲਾਏ ਜਾਂਦੇ ਹਨ। ਇਸ ਲਈ ਹੁਣ ਤੂਤ ਦੇ ਰੁੱਖ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ ਹਨ।
17. ਥੋਹਰ
ਪਹਿਲਾਂ ਪੰਜਾਬ ਦੀ ਬਹੁਤੀ ਧਰਤੀ ਵਿਚ ਜੰਗਲ ਸਨ। ਬਰਾਨੀ ਸੀ। ਗ਼ੈਰ- ਆਬਾਦ ਸੀ। ਉਸ ਸਮੇਂ ਥੋਹਰ ਦੇ ਝਾੜ ਆਮ ਸਨ। ਥੋਹਰਾਂ ਕਈ ਕਿਸਮ ਦੀਆਂ ਹਨ। ਪੰਜਾਬ ਵਿਚ ਜ਼ਿਆਦਾ ਪੱਤਾ ਥੋਹਰ ਅਤੇ ਡੰਡਾ ਥੋਹਰ ਹੁੰਦੀ ਸੀ। ਥੋਹਰ ਸੜਕਾਂ ਦੁਆਲੇ ਅਤੇ ਨਹਿਰਾਂ ਦੀਆਂ ਪਟੜੀਆਂ ਦੁਆਲੇ ਵੀ ਹੁੰਦੀ ਸੀ। ਥੋਹਰਾਂ ਨੂੰ ਖੇਤਾਂ ਦੀ ਵਾੜ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਸੀ। ਪਹਿਲਾਂ ਥੋੜ੍ਹੀਆਂ ਜ਼ਮੀਨਾਂ ਹੀ ਆਬਾਦ ਹੁੰਦੀਆਂ ਸਨ। ਥੋੜ੍ਹੀਆਂ ਹੀ ਫ਼ਸਲਾਂ ਹੁੰਦੀਆਂ ਸਨ। ਇਸ ਲਈ ਫ਼ਸਲਾਂ ਦੀ ਜੰਗਲੀ ਪਸ਼ੂਆਂ, ਜਾਨਵਰਾਂ ਅਤੇ ਪਾਲਤੂ ਪਸ਼ੂਆਂ ਤੋਂ ਰਾਖੀ ਕਰਨੀ ਪੈਂਦੀ ਸੀ। ਜਿਹੜੀਆਂ ਨਿਆਈ ਦੀਆਂ ਜ਼ਮੀਨਾਂ ਦੀਆਂ ਫ਼ਸਲਾਂ ਹੁੰਦੀਆਂ ਸਨ, ਉਨ੍ਹਾਂ ਖੇਤਾਂ ਦੁਆਲੇ ਵਿਸ਼ੇਸ਼ ਤੌਰ 'ਤੇ ਥੋਹਰਾਂ ਦੀਆਂ ਵਾੜਾਂ ਕੀਤੀਆਂ ਜਾਂਦੀਆਂ ਸਨ। ਥੋਹਰਾਂ ਦੇ ਕੰਡੇ ਹੋਣ ਕਰਕੇ ਪਸ਼ੂ ਫ਼ਸਲਾਂ ਵਿਚ ਨਹੀਂ ਵੜਦੇ ਸਨ। ਥੋਹਰਾਂ ਦੇ ਦੁੱਧ ਤੋਂ ਕਈ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ। ਪੱਤੇ ਵੀ ਦਵਾਈਆਂ ਲਈ ਵਰਤੇ ਜਾਂਦੇ ਹਨ।
ਹੁਣ ਪੰਜਾਬ ਵਿੱਚ ਜੰਗਲੀ ਜਾਨਵਰ ਨਹੀਂ ਹਨ। ਫ਼ਸਲਾਂ ਨੂੰ ਹੁਣ ਵਾੜ ਕਰਨ ਦੀ ਲੋੜ ਨਹੀਂ ਪੈਂਦੀ। ਹੁਣ ਕਿਸੇ ਵੀ ਨਿੱਜੀ ਜ਼ਮੀਨ ਵਿਚ ਥੋਹਰ ਦੇ ਬੂਟੇ ਨਹੀਂ ਹਨ। ਸੜਕਾਂ ਦੁਆਲੇ ਵੀ ਥੋਹਰ ਘੱਟ ਹੀ ਨਜ਼ਰ ਆਉਂਦਾ ਹੈ। ਨਹਿਰਾਂ ਦੀਆਂ ਪਟੜੀਆਂ ਦੁਆਲੇ ਅਤੇ ਸਰਕਾਰੀ ਜੰਗਲਾਂ ਵਿਚ ਜ਼ਰੂਰ ਥੋਹਰ ਦੇ ਪੌਦੇ ਮਿਲਦੇ ਹਨ, ਪਰ ਪਹਿਲਾਂ ਦੇ ਮੁਕਾਬਲੇ ਬਹੁਤ ਹੀ ਘੱਟ।
18. ਧਤੂਰਾ
ਧਤੂਰਾ ਇਕ ਜ਼ਹਿਰੀਲਾ ਛੋਟੇ ਆਕਾਰ ਦਾ ਬੂਟਾ ਹੈ। ਇਸ ਦਾ ਫਲ ਵੀ ਜ਼ਹਿਰੀਲਾ ਹੁੰਦਾ ਹੈ।ਕੰਡੇਦਾਰ ਹੁੰਦਾ ਹੈ। ਫਲ ਨੂੰ ਕਨਕਫਲ ਕਹਿੰਦੇ ਹਨ। ਫੁੱਲ ਚਿੱਟੇ ਹੁੰਦੇ ਹਨ। ਇਸ ਦੇ ਫੁੱਲਾਂ ਦਾ ਸੰਬੰਧ ਸ਼ਿਵ ਜੀ ਦੇਵਤੇ ਨਾਲ ਜੋੜਿਆ ਜਾਂਦਾ ਹੈ। ਇਸ ਲਈ ਧਤੂਰੇ ਦੇ ਬੂਟੇ ਨੂੰ ‘ਸ਼ਿਵਸੇਖਰ’ ਵੀ ਕਿਹਾ ਜਾਂਦਾ ਹੈ। ਇਹ ਝਾੜੀਦਾਰ ਬੂਟਾ ਹੈ। ਤਿੰਨ ਕੁ ਫੁੱਟ ਉੱਚਾ ਹੁੰਦਾ ਹੈ। ਪੱਤੇ ਵੱਡੇ ਹੁੰਦੇ ਹਨ ਜਿਨ੍ਹਾਂ ਦੀ ਬਣਤਰ ਦੰਦਾਕਾਰ ਹੁੰਦੀ ਹੈ। ਇਸ ਦੇ ਸੁੱਕੇ ਪੱਤੇ, ਫੁੱਲਾਂ ਦੀਆਂ ਕਰੂੰਬਲਾਂ ਤੇ ਬੀਜਾਂ ਦੀ ਵਰਤੋਂ ਤੇ ਸਾਹ-ਰੋਗਾਂ ਅਤੇ ਦਮਾ ਦੀਆਂ ਦਵਾਈਆਂ ਵਿਚ ਕੀਤੀ ਜਾਂਦੀ ਹੈ। ਪੱਤਿਆਂ ਜਲਾ ਕੇ ਨਿਕਲਦੇ ਧੂੰਏ ਨੂੰ ਸਾਹ ਰਾਹੀਂ ਅੰਦਰ ਖਿੱਚਣ ਨਾਲ ਦਮੇ ਦੇ ਮਰੀਜ਼ਾਂ ਆਰਾਮ ਮਿਲਦਾ ਹੈ।
ਧਤੂਰਾ ਇਕ ਜੰਗਲੀ ਬੂਟਾ ਹੈ। ਪਹਿਲੇ ਸਮਿਆਂ ਵਿਚ ਗ਼ੈਰ-ਆਬਾਦ ਜ਼ਮੀਨਾਂ ਵਿਚ ਆਮ ਹੁੰਦਾ ਸੀ। ਹੁਣ ਪੰਜਾਬ ਦੀ ਸਾਰੀ ਜ਼ਮੀਨ ਆਬਾਦ ਹੈ। ਹੁਣ ਸਿਰਫ ਸਰਕਾਰੀ ਜੰਗਲਾਂ ਵਿਚ ਹੀ ਧਤੂਰਾ ਮਿਲਦਾ ਹੈ।
19. ਨਿੰਮ
ਨਿੰਮ ਦਾ ਰੁੱਖ ਪਹਿਲੇ ਸਮਿਆਂ ਵਿਚ ਆਮ ਲਾਇਆ ਜਾਂਦਾ ਸੀ। ਪ੍ਰਸਿੱਧ ਰੁੱਖ ਹੁੰਦਾ ਹੈ। ਕਈ ਕਬੀਲੇ ਨਿੰਮ ਦੇ ਰੁੱਖ ਨੂੰ ਪਵਿੱਤਰ ਮੰਨਦੇ ਹਨ। ਕਈ ਕਬੀਲਿਆਂ ਵਿਚ ਨਿੰਮ ਦੇ ਰੁੱਖ ਨੂੰ ਸਹੁਰੇ ਅਤੇ ਜੇਠ ਦੀ ਪਦਵੀ ਦਿੱਤੀ ਹੋਈ ਹੈ। ਇਸ ਲਈ ਉਨ੍ਹਾਂ ਕਬੀਲਿਆਂ ਦੀਆਂ ਇਸਤਰੀਆਂ ਨਿੰਮ ਦੇ ਰੁੱਖ ਤੋਂ ਘੁੰਡ ਕੱਢਦੀਆਂ ਹਨ। ਮੁੰਡਾ ਜੰਮਣ ਤੇ ਨਿੰਮ ਦੀਆਂ ਟਾਹਣੀਆਂ ਨੂੰ ਦਰਵਾਜ਼ੇ ਉਪਰ ਬੰਨ੍ਹਿਆ ਜਾਂਦਾ ਹੈ। ਧਾਰਨਾ ਹੈ ਕਿ ਮਾੜੀਆਂ ਰੂਹਾਂ ਮੁੰਡੇ ਨੂੰ ਕੋਈ ਨੁਕਸਾਨ ਨਹੀਂ ਕਰ ਸਕਦੀਆਂ।
ਨਿੰਮ ਦੇ ਪੱਤੇ, ਫੁੱਲ, ਫਲ (ਨਮੋਲੀਆਂ) ਛਾਲ, ਲੱਕੜ, ਜੜਾਂ ਸਭ ਕੌੜੇ ਹੁੰਦੇ ਹਨ।ਕਈ ਬਿਮਾਰੀਆਂ ਦੇ ਇਲਾਜ ਲਈ ਵਰਤੇ ਜਾਂਦੇ ਹਨ। ਪੱਤੇ ਵਿਸ਼ੇਸ਼ ਤੌਰ 'ਤੇ ਚਮੜੀ ਦੀਆਂ ਬਿਮਾਰੀਆਂ ਦੀਆਂ ਦਵਾਈਆਂ ਲਈ ਵਰਤੇ ਜਾਂਦੇ ਹਨ। ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਫੋੜੇ ਦੇ ਜ਼ਖ਼ਮਾਂ ਨੂੰ ਧੋ ਕੇ ਦਵਾਈ ਲਾਣ ਨਾਲ ਜ਼ਖ਼ਮ ਛੇਤੀ ਠੀਕ ਹੋ ਜਾਂਦੇ ਹਨ। ਪੱਤਿਆਂ ਨੂੰ ਸੁਕਾ ਕੇ ਗਰਮ ਕੱਪੜਿਆਂ ਅਤੇ ਰੇਸ਼ਮੀ ਕੱਪੜਿਆਂ ਵਿਚ ਪਾ ਕੇ ਰੱਖਣ ਨਾਲ ਕਪੜਿਆਂ ਨੂੰ ਕੀੜਾ ਨਹੀਂ ਲੱਗਦਾ। ਨਿੰਮ ਦੀ ਲੱਕੜ ਦਾ ਲੂਣ ਮਿਰਚ, ਮਸਾਲਾ ਆਦਿ ਕੂੰਡੇ/ਦਸਹਿਰੇ ਵਿਚ ਰਗੜਨ ਲਈ ਘੋਟਣਾ ਬਣਾਇਆ ਜਾਂਦਾ ਹੈ ਜਿਹੜਾ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ। ਕਈ ਬਿਮਾਰੀਆਂ ਦੀ ਰੋਕਥਾਮ ਕਰਦਾ ਹੈ। ਨਿੰਮ ਦੀ ਲੱਕੜ ਕੌੜੀ ਹੋਣ ਕਰਕੇ ਕੋਈ ਕੀੜਾ ਨਹੀਂ ਲੱਗਦਾ। ਏਸੇ ਕਰਕੇ ਪਹਿਲੇ ਸਮਿਆਂ ਵਿਚ ਸੰਦੂਖ ਜ਼ਿਆਦਾ ਨਿੰਮ ਦੀ ਲੱਕੜ ਦੇ ਹੀ ਬਣਾਏ ਜਾਂਦੇ ਸਨ। ਨਿੰਮ ਦੀ ਦਾਤਣ ਬਹੁਤ ਗੁਣਕਾਰੀ ਮੰਨੀ ਜਾਂਦੀ ਹੈ। ਦੰਦਾਂ ਨੂੰ ਕੀੜਾ ਨਹੀਂ ਲੱਗਦਾ। ਨਿੰਮ, ਪਿੱਪਲ ਤੇ ਬਰੋਟੇ ਨੂੰ ਇਕ ਥਾਂ ਇਕੱਠਿਆਂ ਲਾਉਣ ਨੂੰ ਤ੍ਰਿਵੈਣੀ ਕਹਿੰਦੇ ਹਨ। ਤ੍ਰਿਵੈਣੀ ਲਾਉਣਾ ਪਹਿਲੇ ਸਮਿਆਂ ਵਿਚ ਸ਼ੁਭ ਮੰਨਿਆ ਜਾਂਦਾ ਸੀ।
ਨਿੰਮ ਦੇ ਬੀਜਾਂ ਦੇ ਤੇਲ ਤੋਂ ਸਾਬਣ, ਸ਼ੈਂਪੂ, ਕਰੀਮਾਂ ਅਤੇ ਹੋਰ ਦਵਾਈਆਂ ਬਣਾਈਆਂ ਜਾਂਦੀਆਂ ਹਨ। ਨਿੰਮ ਦੇ ਰੁੱਖ ਵਿਚ ਐਨੇ ਗੁਣ ਹੋਣ ਕਰਕੇ ਹੀ ਇਸ ਨੂੰ ‘ਦੈਵੀ ਰੁੱਖ’ ਅਤੇ ‘ਕੁਦਰਤੀ ਦਵਾਖਾਨਾ’ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਸਸਕਾਰ ਤੋਂ ਮਗਰੋਂ ਮਜਲ ਵਿਚ ਜਾਣ ਵਾਲੇ ਨਿੰਮ ਦੇ ਪੱਤੇ ਚਬਾ ਕੇ ਥੁੱਕਦਿੰਦੇ ਸਨ। ਇਹ ਰੀਤ ਮ੍ਰਿਤਕ ਨਾਲੋਂ ਮਾਤਾ ਤੋੜਨ ਲਈ ਤੇ ਸ਼ੁੱਧੀ ਲਈ ਕੀਤੀ ਜਾਂਦੀ ਸੀ। ਨਿੰਮ ਦਾ ਰੁੱਖ ਹੁਣ ਬਹੁਤ ਘੱਟ ਲਾਇਆ ਜਾਂਦਾ ਹੈ।
20. ਪਦੀਨਾ
ਪਦੀਨਾ ਇਕ ਅਜਿਹਾ ਪੌਦਾ ਹੈ, ਜਿਸ ਦੇ ਪੱਤਿਆਂ ਦੀ ਚਟਣੀ ਬਣਾਈ ਜਾਂਦੀ ਹੈ। ਇਸ ਨੂੰ ਦੇਸੀ ਪਦੀਨਾ ਕਹਿੰਦੇ ਹਨ। ਮਨੁੱਖੀ ਸੂਝ ਵਧਣ ਦੇ ਨਾਲ ਜਦ ਵੱਖ-ਵੱਖ ਕਿਸਮਾਂ ਦੇ ਅਨਾਜ ਪੈਦਾ ਕੀਤੇ ਜਾਣ ਲੱਗੇ ਉਸ ਸਮੇਂ ਜੰਗਲੀ ਚਿੱਬੜਾਂ, ਪਦੀਨੇ, ਇਥੋਂ ਤੱਕ ਕਿ ਇਕੱਲੀ ਮਿਰਚਾਂ ਦੀ ਚੱਟਣੀ ਨਾਲ ਵੀ ਲੋਕ ਰੋਟੀ ਖਾ ਲੈਂਦੇ ਸਨ।ਇਕੱਲੀ ਗੱਠਿਆਂ ਦੀ ਚਟਣੀ ਨਾਲ ਵੀ ਖਾ ਲੈਂਦੇ ਸਨ। ਫੇਰ ਦਾਲਾਂ, ਸਬਜ਼ੀਆਂ ਪੈਦਾ ਕੀਤੀਆਂ ਜਾਣ ਲੱਗੀਆਂ। ਫੇਰ ਦਾਲਾਂ, ਸਬਜ਼ੀਆਂ ਦੇ ਨਾਲ ਪਦੀਨੇ ਦੀ ਚਟਣੀ ਇਕ ਵਾਧੂ ਖਾਣ ਪਦਾਰਥ ਵਜੋਂ ਵਰਤੀ ਜਾਣ ਲੱਗੀ। ਪਦੀਨੇ ਦੇ ਗੁਣਾਂ ਦੇ ਪਤਾ ਲੱਗਣ ਤੇ ਪਦੀਨੇ ਨੂੰ ਬਦਹਜ਼ਮੀ ਰੋਕਣ ਲਈ ਅਤੇ ਜੋੜਾਂ ਦੇ ਦਰਦਾਂ ਦੀਆਂ ਦਵਾਈਆਂ ਲਈ ਵਰਤਿਆ ਜਾਣ ਲੱਗਿਆ। ਹੁਣ ਤਾਂ ਹੋਰ ਵੀ ਕਈ ਪਦੀਨੇ ਦੀਆਂ ਕਿਸਮਾਂ ਹਨ, ਜਿਨ੍ਹਾਂ ਦਾ ਤੇਲ ਕੱਢਿਆ ਜਾਂਦਾ ਹੈ, ਜਿਹੜਾ ਬਹੁਤ ਸਾਰੀਆਂ ਪੇਟ ਤੇ ਸਰੀਰ ਤੇ ਦਰਦਾਂ ਦੀਆਂ ਦਵਾਈਆਂ ਵਿਚ ਵਰਤਿਆ ਜਾਂਦਾ ਹੈ।
ਪਹਿਲਾਂ ਜਦ ਪਾਣੀ ਦੀ ਥੋੜੀ ਤੰਗੀ ਸੀ, ਉਸ ਸਮੇਂ ਹਰ ਪਰਿਵਾਰ ਪਦੀਨਾ ਲਾ ਲੈਂਦਾ ਸੀ। ਕਈ ਵੇਰ ਰੋਟੀ ਵੀ ਇਕੱਲੀ ਪੁਦੀਨੇ ਦੀ ਚਟਣੀ ਨਾਲ ਖਾ ਲੈਂਦੇ ਸਨ। ਉਨ੍ਹਾਂ ਸਮਿਆਂ ਵਿਚ ਲੋਕ ਤਾਂ ਮੱਕੀ ਦੀ ਰੋਟੀ ਉਪਰ ਲਾਲ ਮਿਰਚ ਤੇ ਲੂਣ ਭੁੱਕ ਕੇ ਲੱਸੀ ਨਾਲ ਖਾ ਲੈਂਦੇ ਸਨ। ਹੁਣ ਹਰ ਖੇਤੀ ਪਰਿਵਾਰ ਨੇ ਬੰਬੀ ਲਾਈ ਹੋਈ ਹੈ। ਹੁਣ ਬਹੁਤੇ ਪਰਿਵਾਰ ਤਾਂ ਹੱਥੀਂ ਕੰਮ ਕਰਨਾ ਛੱਡ ਗਏ ਹਨ। ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਇਸ ਲਈ ਬਹੁਤੇ ਪਰਿਵਾਰ ਤਾਂ ਐਨੇ ਸੁਖ ਰਹਿਣੇ ਹੋ ਗਏ ਹਨ ਕਿ ਉਹ ਸਬਜ਼ੀ ਵੀ ਨਹੀਂ ਲਾਉਂਦੇ। ਪਦੀਨਾ ਲਾਉਣਾ ਤਾਂ ਦੂਰ ਦੀ ਗੱਲ ਹੈ। ਅਸੀਂ ਇਕ ਅਜਿਹੇ ਘਰੇਲੂ ਪੌਦੇ ਨੂੰ ਲਾਉਣਾ ਛੱਡ ਦਿੱਤਾ ਹੈ ਜਿਸ ਦੀ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਹੀ ਨਹੀਂ ਸਨ।
21. ਪਿੱਪਲ
ਪਿੱਪਲ ਇਕ ਪ੍ਰਸਿੱਧ ਰੁੱਖ ਹੈ। ਸਾਡੇ ਧਰਮ ਗ੍ਰੰਥ ਤੇ ਹਿੰਦੂ ਇਸ ਨੂੰ ਪਵਿੱਤਰ ਰੁੱਖ ਮੰਨਦੇ ਹਨ। ਪਿੱਪਲ ਦੇ ਰੁੱਖ ਨੂੰ ਬ੍ਰਹਮਾ ਵੀ ਕਹਿੰਦੇ ਹਨ। ਪੁਰਾਣਾਂ ਅਨੁਸਾਰ ਤਿੰਨ ਦੇਵਤਿਆਂ ਵਿਚੋਂ ਬ੍ਰਹਮਾ ਇਕ ਦੇਵਤਾ ਹੈ ਜਿਸ ਨੂੰ ਸ੍ਰਿਸ਼ਟੀ ਦਾ ਸਿਰਜਣਹਾਰ ਮੰਨਿਆ ਜਾਂਦਾ ਹੈ। ਹਿੰਦੂ ਮੱਤ ਵਾਲੇ ਪਿੱਪਲ ਵਿਚ ਤ੍ਰੈਮੂਰਤੀ (ਤਿੰਨ ਦੇਵਤਿਆਂ) ਦਾ ਨਿਵਾਸ ਮੰਨਦੇ ਹਨ। ਜੜ੍ਹ ਵਿਚ ਬ੍ਰਹਮਾ, ਤਣੇ ਵਿਚ ਵਿਸ਼ਨੂੰ ਅਤੇ ਟਾਹਣੀਆਂ ਵਿਚ ਸ਼ਿਵ ਜੀ ਦਾ ਨਿਵਾਸ ਮੰਨਿਆ ਜਾਂਦਾ ਹੈ। ਪਿੱਪਲ ਨਾਲ ਕਈ ਵਿਸ਼ਵਾਸ ਜੁੜੇ ਹੋਏ ਹਨ। ਜੇਕਰ ਨਿਰਸੰਤਾਨ ਜਨਾਨੀਆਂ ਸੂਰਜ ਚੜ੍ਹਦੇ ਨਾਲ ਪਿੱਪਲ ਦੀ ਜੜ੍ਹ ਵਿਚ 40 ਦਿਨ ਪਾਣੀ ਪਾਉਣ ਤਾਂ ਸੰਤਾਨ ਦੀ ਪ੍ਰਾਪਤੀ ਹੋ ਜਾਂਦੀ ਹੈ। ਧਨ ਦੌਲਤ ਦੀ ਇੱਛਾ ਰਖਣ ਵਾਲੇ ਐਤਵਾਰ ਨੂੰ ਇਸ ਦੀ ਪੂਜਾ ਕਰਦੇ ਹਨ। ਮੰਨਤਾਂ ਮੰਨਣ ਵਾਲੇ ਪਿੱਪਲ ਦੇ ਤਣੇ ਦੁਆਲੇ ਕੱਚੇ ਸੂਤ ਦੇ ਧਾਗੇ ਲਪੇਟਦੇ ਹਨ। ਜੜ੍ਹਾਂ ਵਿਚ ਪਾਣੀ ਪਾਉਂਦੇ ਹਨ। ਪਿਤਰਾਂ ਨੂੰ ਪਾਣੀ ਵੀ ਪਿੱਪਲ ਰਾਹੀਂ ਪਹੁੰਚਾਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ।
ਪਿੱਪਲ ਦਾ ਰੁੱਖ ਆਕਸੀਜਨ ਦਿੰਦਾ ਹੈ। ਇਹ ਦਿਨ ਨੂੰ ਵੀ ਤੇ ਰਾਤ ਨੂੰ ਵੀ ਆਕਸੀਜਨ ਛੱਡਦਾ ਹੈ। ਪਿੱਪਲ ਨੂੰ ਵੱਢਣਾ ਪਾਪ ਸਮਝਿਆ ਜਾਂਦਾ ਹੈ। ਇਕ ਧਾਰਨਾ ਹੈ ਕਿ ਜੇਕਰ ਕੁਆਰੀਆਂ ਕੁੜੀਆਂ ਪਿੱਪਲ ਦੀ ਪੂਜਾ ਕਰਨ ਤਾਂ ਉਨ੍ਹਾਂ ਨੂੰ ਚੰਗਾ ਪਤੀ ਮਿਲ ਜਾਂਦਾ ਹੈ। ਪਿੱਪਲ ਤੇ ਨਿੰਮ ਦੇ ਵਿਆਹ ਕਰਨ ਦੀ ਧਾਰਨਾ ਵੀ ਹੈ। ਪਿੱਪਲ ਨੂੰ ਬਰੋਟੇ ਦੀ ਪਤਨੀ ਮੰਨਿਆ ਜਾਂਦਾ ਹੈ। ਬੁੱਧ ਧਰਮ ਵਾਲੇ ਪਿੱਪਲ ਦੇ ਰੁੱਖ ਨੂੰ ਬੋਧੀ ਰੁੱਖ ਕਹਿੰਦੇ ਹਨ ਕਿਉਂ ਜੋ ਪਿੱਪਲ ਦੇ ਰੁੱਖ ਥੱਲੇ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਸੀ। ਰਾਸ਼ੀਆਂ ਨੂੰ ਮੰਨਣ ਵਾਲੇ ਮੰਗਲੀਕ ਲੜਕੀ ਦਾ ਵਿਆਹ ਮੰਗਲੀਕ ਲੜਕੇ ਨਾਲ ਹੀ ਕਰਦੇ ਹਨ। ਜੇਕਰ ਲੜਕੀ ਮੰਗਲੀਕ ਹੋਵੇ ਤੇ ਲੜਕਾ ਮੰਗਲੀਕ ਨਾ ਹੋਵੇ ਤਾਂ ਮੰਗਲੀਕ ਲੜਕੀ ਦੀ ਸ਼ਾਦੀ ਪਹਿਲਾਂ ਪਿੱਪਲ ਦੇ ਰੁੱਖ ਨਾਲ ਕੀਤੀ ਜਾਂਦੀ ਹੈ। ਇਸ ਤਰ੍ਹਾਂ ਵਿਆਹ ਕਰਨ ਨਾਲ ਮੰਗਲੀਕ ਹੋਣ ਦੇ ਸਾਰੇ ਬੁਰੇ ਅਸਰ ਖਤਮ ਹੋ ਜਾਂਦੇ ਹਨ। ਫੇਰ ਮੰਗਲੀਕ ਲੜਕੀ ਦੀ ਸ਼ਾਦੀ ਗੈਰ ਮੰਗਲੀਕ ਲੜਕੇ ਨਾਲ ਕਰ ਦਿੱਤੀ ਜਾਂਦੀ ਹੈ।
ਜਦ ਨਵੀਂ ਵਿਆਹੀ ਵਹੁਟੀ ਘਰ ਅੰਦਰ ਆਉਂਦੀ ਹੈ ਤਾਂ ਸੱਸ ਗੜਵੀ ਵਿਚ ਮਿੱਠਾ ਪਾਣੀ ਪਾ ਕੇ, ਥਾਲ ਵਿਚ ਪਿੱਪਲ ਦੀ ਟਾਹਣੀ ਤੇ ਨੇਤੀ ਰੱਖ ਕੇ, ਪਾਣੀ ਪੀਣ ਦਾ ਸ਼ਗਨ ਕਰਦੀ ਹੈ। ਇਸ ਸ਼ਗਨ ਦਾ ਮੰਤਵ ਹੁੰਦਾ ਹੈ ਕਿ ਪਰਿਵਾਰ ਪਿੱਪਲ ਵਾਂਗ ਹੀ ਵਧੇ ਫੁੱਲੇ। ਪਹਿਲੇ ਸਮਿਆਂ ਵਿਚ ਫੁੱਲਾਂ ਨੂੰ (ਮੁਰਦੇ ਦੀਆਂ ਸੜੀਆਂ ਹੋਈਆਂ ਹੱਡੀਆਂ) ਗੰਗਾ ਨਦੀ ਵਿਚ ਜਲ ਪ੍ਰਵਾਹ ਕਰਨ ਤੋਂ ਪਹਿਲਾਂ ਕਈ ਦਿਨ ਪਿੱਪਲ ਨਾਲ ਬੰਨ੍ਹ ਕੇ ਰੱਖੇ ਜਾਂਦੇ ਸਨ। ਪਿੱਪਲ ਦੀਆਂ ਗੋਲ੍ਹਾਂ (ਫਲ) ਨੂੰ ਜਾਨਵਰ ਬੜਾ ਖੁਸ਼ ਹੋ ਕੇ ਖਾਂਦੇ ਹਨ। ਪੱਤਿਆਂ ਨੂੰ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾਂਦਾ ਹੈ। ਪਿੱਪਲ ਦੀਆਂ ਟਾਹਣੀਆਂ ਤੇ ਪੱਤੇ ਹਾਥੀਆਂ ਦਾ ਮਨ-ਭਾਉਂਦਾ ਖਾਜਾ ਹੈ। ਪਿੱਪਲ ਦੇ ਸੱਕ ਤੋਂ ਕਪੜੇ ਰੰਗਣ ਲਈ ਰੰਗ ਬਣਾਏ ਜਾਂਦੇ ਹਨ। ਦਵਾਈਆਂ ਬਣਾਈਆਂ ਜਾਂਦੀਆਂ ਹਨ। ਪਿੱਪਲ ਦੇ ਦੁੱਧ, ਜੜ੍ਹਾਂ ਅਤੇ ਲੱਕੜ ਵੀ ਕਈ ਦਵਾਈਆਂ ਵਿਚ ਵਰਤੀ ਜਾਂਦੀ ਹੈ। ਪਿੱਪਲ ਦੇ ਪੱਤੇ ਸੱਪ ਦੇ ਡੰਗ ਦੇ ਇਲਾਜ ਲਈ ਵਰਤੇ ਜਾਂਦੇ ਹਨ। ਪਿੱਪਲ ਦੇ ਪੱਤੇ ਸ਼ਕਤੀਦਾਇਕ ਦਵਾਈਆਂ ਵਿਚ, ਪੀਲੀਆਂ ਬੀਮਾਰੀ ਦੀਆਂ ਦਵਾਈਆਂ ਵਿਚ ਅਤੇ ਦਿਲ ਦੇ ਇਲਾਜ ਦੀਆਂ ਦਵਾਈਆਂ ਵਿਚ ਵਰਤੇ ਜਾਂਦੇ ਹਨ। ਪਿੱਪਲ ਦੀ ਉਮਰ ਇਕ ਹਜ਼ਾਰ ਸਾਲ ਤੋਂ ਉਪਰ ਦੱਸੀ ਜਾਂਦੀ ਹੈ। ਪਿੱਪਲ ਦੇ ਰੁੱਖ 'ਤੇ ਮੁਟਿਆਰਾਂ ਤੀਆਂ ਸਮੇਂ ਪੀਂਘਾਂ ਪਾਉਂਦੀਆਂ ਸਨ। ਪਿੱਪਲ ਦਾ ਰੁੱਖ ਬਹੁਤ ਭਾਰਾ ਹੁੰਦਾ ਹੈ। ਇਸ ਲਈ ਪਹਿਲੇ ਸਮਿਆਂ ਵਿਚ ਪਿੱਪਲ ਦੇ ਰੁੱਖਾਂ ਥੱਲੇ ਸੱਥਾਂ ਲੱਗਦੀਆਂ ਸਨ।
ਪਿੱਪਲ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿਚ ਆਮ ਹੁੰਦੇ ਸਨ। ਹੁਣ ਕਿਸੇ ਕਿਸੇ ਪਿੰਡ ਵਿਚ ਹੀ ਪਿੱਪਲ ਮਿਲਦਾ ਹੈ। ਲੋਕ ਹੁਣ ਤਰਕਸ਼ੀਲ ਹੋ ਗਏ ਹਨ। ਇਸ ਲਈ ਪਿੱਪਲ ਨਾਲ ਜੁੜੇ ਅੰਧ ਵਿਸ਼ਵਾਸ ਵੀ ਬਹੁਤ ਘੱਟ ਲੋਕ ਮੰਨਦੇ ਹਨ।
22. ਫਰਮਾਂਹ
ਫਰਮਾਂਹ ਦਾ ਰੁੱਖ ਰੇਤਲੇ ਤੇ ਮਾਰੂ ਇਲਾਕੇ ਵਿਚ ਹੁੰਦਾ ਸੀ। ਪਹਿਲਾਂ ਸਾਰੀਆਂ ਜ਼ਮੀਨਾਂ ਹੀ ਮਾਰੂ ਹੁੰਦੀਆਂ ਸਨ।ਖੇਤੀ ਮੀਹਾਂ ’ਤੇ ਨਿਰਭਰ ਹੁੰਦੀ ਸੀ। ਪਿੰਡ ਦੇ ਨਾਲ ਜਿਹੜੇ ਖੇਤ ਹੁੰਦੇ ਸਨ, ਉਨ੍ਹਾਂ ਖੇਤਾਂ ਵਿਚ ਬੀਜੀਆਂ ਫ਼ਸਲਾਂ ਦਾ ਪਸ਼ੂ ਬਹੁਤ ਉਜਾੜਾ ਕਰਦੇ ਸਨ। ਇਸ ਲਈ ਇਨ੍ਹਾਂ ਖੇਤਾਂ ਦੀ ਜਿਹੜੀ ਬਾਹੀ, ਪਹੇ, ਪਹੀ, ਰਾਹ, ਡੰਡੀ ਆਦਿ ਨਾਲ ਲੱਗਦੀ ਹੁੰਦੀ ਸੀ, ਉਸ ਬਾਹੀ 'ਤੇ ਕਈ ਵੇਰ ਜਿਮੀਂਦਾਰ ਫਰਮਾਂਹ ਦੇ ਰੁੱਖ ਲਾ ਦਿੰਦੇ ਸਨ।ਪਿੰਡ ਦੀਆਂ ਸ਼ਾਮਲਾਟ ਜ਼ਮੀਨਾਂ ਤੇ ਗ਼ੈਰ-ਆਬਾਦ ਜ਼ਮੀਨਾਂ ਵਿਚ ਵੀ ਫਰਮਾਂਹ ਦੇ ਰੁੱਖ ਹੁੰਦੇ ਸਨ। ਫਰਮਾਂਹ ਦੀ ਲੱਕੜੀ ਦਾ ਫਰਨੀਚਰ ਖੇਤੀ ਸੰਦ, ਗੱਡੇ ਤੇ ਘਰੇਲੂ ਸਮਾਨ ਬਣਾਇਆ ਜਾਂਦਾ ਸੀ। ਬਿਲਡਿੰਗਾਂ ਵਿਚ ਵੀ ਵਰਤੀ ਜਾਂਦੀ ਸੀ। ਬਾਲਣ ਦੇ ਕੰਮ ਵੀ ਆਉਂਦੀ ਸੀ।ਸੱਕ ਚਮੜਾ ਰੰਗਣ ਲਈ ਵਰਤਿਆ ਜਾਂਦਾ ਸੀ। ਹੁਣ ਫਰਮਾਂਹ ਦਾ ਰੁੱਖ ਤੁਹਾਨੂੰ ਕਿਸੇ ਵੀ ਨਿੱਜੀ ਜ਼ਮੀਨ ਵਿਚ ਨਹੀਂ ਮਿਲੇਗਾ। ਸਰਕਾਰੀ ਜੰਗਲਾਂ ਵਿਚ ਸ਼ਾਇਦ ਮਿਲ ਜਾਵੇ ?
23. ਬਰੋਟਾ
ਬਰੋਟਾ ਇਕ ਮਸ਼ਹੂਰ ਰੁੱਖ ਹੈ। ਬਰੋਟੇ ਨੂੰ ਕਈ ਇਲਾਕਿਆਂ ਵਿਚ ਬੋਹੜ ਅਤੇ ਕਈਆਂ ਵਿਚ ਬੋੜ੍ਹ ਕਹਿੰਦੇ ਹਨ। ਬਰੋਟੇ ਦਾ ਰੁੱਖ ਸਾਰੇ ਰੁੱਖਾਂ ਨਾਲੋਂ ਭਾਰਾ ਰੁੱਖ ਹੈ ਤੱਕ ਦੂਰ-ਦੂਰ ਤੱਕ ਫੈਲਿਆ ਹੁੰਦਾ ਹੈ। ਜਿਵੇਂ ਜਿਵੇਂ ਇਸ ਦੇ ਟਾਹਣੇ ਦੂਰ-ਦੂਰ ਫੈਲਦੇ ਜਾਂਦੇ ਹਨ, ਤਿਵੇਂ-ਤਿਵੇਂ ਇਨ੍ਹਾਂ ਟਾਹਣਿਆਂ ਵਿਚੋਂ ਜੜ੍ਹਾਂ ਨਿਕਲ ਕੇ ਧਰਤੀ ਵੱਲ ਆ ਜਾਂਦੀਆਂ ਹਨ। ਜਿਹੜੀਆਂ ਧਰਤੀ ਵਿਚ ਲੱਗ ਕੇ ਮਜ਼ਬੂਤ ਜੜ੍ਹਾਂ ਬਣ ਜਾਂਦੀਆਂ ਹਨ। ਇਨ੍ਹਾਂ ਜੜ੍ਹਾਂ ਕਰਕੇ ਹੀ ਬਰੋਟੇ ਦਾ ਰੁੱਖ ਦੂਰ-ਦੂਰ ਤੱਕ ਫੈਲ ਜਾਂਦਾ ਹੈ। ਇਸੇ ਕਰਕੇ ਹੀ ਸਭ ਤੋਂ ਵੱਧ ਛਾਂ ਦਿੰਦਾ ਹੈ। ਸਭ ਤੋਂ ਵੱਧ ਆਕਸੀਜ਼ਨ ਦਿੰਦਾ ਹੈ। ਪਹਿਲੇ ਸਮਿਆਂ ਵਿਚ ਸੱਥਾਂ ਬਰੋਟਿਆਂ ਦੇ ਛਾਵੇਂ ਲੱਗਦੀਆਂ ਸਨ। ਪਾਲੀ ਪਸ਼ੂਆਂ ਨੂੰ ਦੁਪਹਿਰ ਸਮੇਂ ਬਰੋਟਿਆਂ ਥੱਲੇ ਰੱਖਦੇ ਸਨ। ਬਰੋਟੇ ਨੂੰ ‘ਦਰਵੇਸ਼ ਰੁੱਖ’ ਵੀ ਕਹਿੰਦੇ ਹਨ। ਇੱਛਾ ਪੂਰਨ ਵਾਲਾ ਰੁੱਖ ਵੀ ਕਹਿੰਦੇ ਹਨ।ਜੇਠ ਮਹੀਨੇ ਦੀ ਪੂਰਨਮਾਸ਼ੀ ਨੂੰ ਨਵੀਆਂ ਵਿਆਹੀਆਂ ਇਸਤਰੀਆਂ ਆਪਣੇ ਪਤੀ ਦੀ ਚੰਗੀ ਸਿਹਤ, ਲੰਮੀ ਉਮਰ ਤੇ ਚੰਗੇ ਵਿਆਹੁਤਾ ਜੀਵਨ ਲਈ ‘ਵਟ ਸਾਵਿਤਰੀ ਵਰਤ’ ਰੱਖਦੀਆਂ ਹਨ। ਇਸ ਵਰਤ ਸਮੇਂ ਬਰੋਟੇ ਦੁਆਲੇ ਧਾਗੇ ਲਪੇਟ ਕੇ ਪੂਜਾ ਕੀਤੀ ਜਾਂਦੀ ਹੈ। ਬਰੋਟਾ ਭਾਰਤ ਦਾ ਰਾਸ਼ਟਰੀ ਰੁੱਖ ਵੀ ਹੈ।
ਤੀਆਂ ਬਰੋਟਿਆਂ ਦੇ ਛਾਵੇਂ ਲੱਗਦੀਆਂ ਹੁੰਦੀਆਂ ਸਨ। ਪੀਂਘਾਂ ਬਰੋਟਿਆਂ ਤੋਂ ਪਾਈਆਂ ਜਾਂਦੀਆਂ ਸਨ। ਬਰੋਟਿਆਂ ਦੀ ਪੂਜਾ ਕੀਤੀ ਜਾਂਦੀ ਸੀ। ਲੋਕ ਬਰੋਟਿਆਂ ਦੀ ਸਹੁੰ ਵੀ ਖਾਂਦੇ ਹੁੰਦੇ ਸਨ। ਬਰੋਟਿਆਂ ਨੂੰ ਗੋਲ੍ਹਾਂ ਲੱਗਦੀਆਂ ਹਨ। ਗੋਲ੍ਹਾਂ ਨੂੰ ਜਾਨਵਰ ਖਾਂਦੇ ਹਨ। ਗੋਲ੍ਹਾਂ ਦੀ ਕਈ ਦਵਾਈਆਂ ਵਿਚ ਵੀ ਵਰਤੋਂ ਹੁੰਦੀ ਹੈ। ਬਰੋਟੇ ਦੀ ਛਿੱਲ, ਜੜ੍ਹਾਂ, ਪੱਤੇ ਸਭ ਦਵਾਈਆਂ ਵਿਚ ਵਰਤੇ ਜਾਂਦੇ ਹਨ। ਕਲਕੱਤੇ ਦੇ ਬਨਸਪਤੀ ਬਾਗ ਵਿਚ ਬਰੋਟੇ ਦਾ ਰੁੱਖ ਸਾਲ 1782 ਦਾ ਲੱਗਿਆ ਹੋਇਆ ਹੈ, ਜਿਹੜਾ ਬਹੁਤ ਦੂਰ-ਦੂਰ ਤੱਕ ਫੈਲਿਆ ਹੋਇਆ ਹੈ। ਬਰੋਟੇ ਦੇ ਗੁੱਦੇ ਤੋਂ ਕਾਗਜ਼ ਬਣਾਇਆ ਜਾਂਦਾ ਹੈ।
ਪਹਿਲਾਂ ਬਰੋਟੇ ਦੇ ਰੁੱਖ ਆਮ ਹੁੰਦੇ ਸਨ। ਹੁਣ ਪੁਰਾਣੇ ਬਰੋਟੇ ਹੀ ਕਿਸੇ ਕਿਸੇ ਸਾਂਝੀ ਥਾਂ ਖੜ੍ਹੇ ਹਨ। ਕੋਈ ਕੋਈ ਹੀ ਹੁਣ ਨਵਾਂ ਬਰੋਟੇ ਲਾਉਂਦਾ ਹੈ। ਬਰੋਟਿਆਂ ਦਾ ਸੁਨਹਿਰੀ ਯੁੱਗ ਹੁਣ ਬੀਤ ਗਿਆ ਹੈ।
24. ਬਾਂਸ
ਘਾਹ ਦੀ ਜਾਤੀ ਦੇ ਇਕ ਬੂਟੇ ਨੂੰ ਬਾਂਸ ਕਹਿੰਦੇ ਹਨ। ਇਹ ਬਹੁਤ ਟਾਹਣੀਆ ਵਾਲਾ ਅਤੇ ਸੰਘਣਾ ਬੂਟਾ ਹੈ। ਇਹ ਕੱਦ ਵਿਚ ਲੰਮਾ ਹੁੰਦਾ ਹੈ। ਮੁਟਾਈ ਵਿਚ ਪਤਲਾ ਹੁੰਦਾ ਹੈ। ਤਣਾ ਗੰਢਦਾਰ ਹੁੰਦਾ ਹੈ ਪਰ ਵਿਚੋਂ ਪੋਲਾ ਹੁੰਦਾ ਹੈ। ਬਾਂਸ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ। ਇਹ ਬਹੁਤ ਤੇਜ਼ੀ ਨਾਲ ਵਧਣ ਵਾਲਾ ਬੂਟਾ ਹੈ। ਬਾਂਸ ਆਕਸੀਜਨ ਬਹੁਤ ਪੈਦਾ ਕਰਦਾ ਹੈ। ਇਸ ਲਈ ਬਾਂਸ ਨੂੰ ‘ਆਕਸੀਜਨ ਫੈਕਟਰੀ’ ਵੀ ਕਹਿੰਦੇ ਹਨ। ਪਹਿਲਾਂ ਪੰਜਾਬ ਦੀ ਬਹੁਤ ਸਾਰੀ ਧਰਤੀ ਗ਼ੈਰ-ਆਬਾਦ ਹੁੰਦੀ ਸੀ। ਜਿਥੇ ਹਰ ਕਿਸਮ ਦੇ ਰੁੱਖ ਅਤੇ ਬੂਟੇ ਹੁੰਦੇ ਸਨ। ਬਾਂਸ ਦੇ ਬੂਟੇ ਵੀ ਹੁੰਦੇਂ ਸਨ। ਬਾਂਸ ਨੂੰ ਲੋਕ ਖੇਤਾਂ ਦੁਆਲੇ ਵਾੜ ਦੇ ਤੌਰ ’ਤੇ ਵੀ ਲਾ ਲੈਂਦੇ ਸਨ। ਬਾਂਸ ਦੀ ਵਰਤੋਂ ਪਹਿਲਾਂ ਕੁੱਲੀਆਂ, ਝੌਂਪੜੀਆਂ ਬਣਾਉਣ ਲਈ ਕੀਤੀ ਜਾਂਦੀ ਸੀ। ਹੁਣ ਬਾਂਸ ਦੀ ਸਭ ਤੋਂ ਜ਼ਿਆਦਾ ਵਰਤੋਂ ਬਿਲਡਿੰਗਾਂ ਬਣਾਉਣ ਸਮੇਂ ਪੈੜਾਂ ਕਰਨ ਲਈ ਕੀਤੀ ਜਾਂਦੀ ਹੈ। ਬਾਂਸ ਦੀਆਂ ਪੌੜੀਆਂ ਬਣਾਈਆਂ ਜਾਂਦੀਆਂ ਹਨ। ਬਾਂਸ ਦਾ ਬਹੁਤ ਕਿਸਮ ਦਾ ਫਰਨੀਚਰ ਬਣਾਇਆ ਜਾਂਦਾ ਹੈ। ਬਾਂਸ ਦੇ ਗੁੱਦੇ ਤੋਂ ਕਾਗਜ਼ ਬਣਾਇਆ ਜਾਂਦਾ ਹੈ।
ਹੁਣ ਮਾਲਵੇ ਦੇ ਇਲਾਕੇ ਵਿਚ ਕਿਤੇ ਵੀ ਤੁਹਾਨੂੰ ਬਾਂਸ ਨਹੀਂ ਮਿਲੇਗਾ। ਕੰਢੀ ਇਲਾਕੇ ਵਿਚ ਤੇ ਜੰਗਲਾਂ ਵਿਚ ਬਾਂਸ ਜ਼ਰੂਰ ਮਿਲਦਾ ਹੈ।
25. ਬੇਰੀ
ਜਿਸ ਰੁੱਖ ਨੂੰ ਬੇਰ ਲੱਗਦੇ ਹਨ, ਉਸ ਨੂੰ ਬੇਰੀ ਦਾ ਰੁੱਖ ਕਹਿੰਦੇ ਹਨ। ਬੇਰੀਆਂ ਦੋ ਕਿਸਮਾਂ ਦੀਆਂ ਹਨ। ਇਕ ਆਮ ਬੇਰੀ ਹੁੰਦੀ ਹੈ ਜਿਹੜੀ ਆਪਣੇ ਆਪ ਹੀ ਜੰਗਲਾਂ, ਸਾਂਝੀਆਂ ਜ਼ਮੀਨਾਂ, ਨਹਿਰਾਂ ਦੀਆਂ ਪਟੜੀਆਂ ਦੇ ਨਾਲ, ਖੇਤਾਂ ਬੰਨ੍ਹਿਆਂ ਵਿਚ ਉੱਗ ਆਉਂਦੀ ਹੈ। ਇਸ ਬੇਰੀ ਦੇ ਬੇਰ ਛੋਟੇ ਹੁੰਦੇ ਹਨ। ਦੂਜੀ ਪਿਉਂਦੀ ਬੇਰੀ ਹੁੰਦੀ ਹੈ ਜਿਹੜੀ ਪਿਉਂਦ ਦੇ ਕੇ ਤਿਆਰ ਕੀਤੀ ਜਾਂਦੀ ਹੈ। ਇਸ ਬੇਰੀ ਦੇ ਬੇਰ ਸਾਈਜ਼ ਵਿਚ ਵੱਡੇ ਹੁੰਦੇ ਹਨ। ਅੱਜ ਤੋਂ 80/90 ਕੁ ਸਾਲ ਪਹਿਲਾਂ ਬੇਰੀ ਦਾ ਰੁੱਖ ਇਕ ਪ੍ਰਸਿੱਧ ਰੁੱਖ ਹੁੰਦਾ ਸੀ। ਤਕਰੀਬਨ ਹਰ ਖੇਤ, ਸਾਂਝੀਆਂ ਜ਼ਮੀਨਾਂ, ਬੰਜਰ ਪਈਆਂ ਜ਼ਮੀਨਾਂ ਵਿਚ ਆਮ ਹੁੰਦਾ ਸੀ। ਉਨ੍ਹਾਂ ਸਮਿਆਂ ਵਿਚ ਬੇਰ ਹੀ ਪੇਂਡੂ ਏਰੀਏ ਦੇ ਇਕੋ ਇਕ ਫਲ ਹੁੰਦਾ ਸੀ। ਕਈਆਂ ਬੇਰੀਆਂ ਨੂੰ ਤਾਂ ਗੜੀਂਦੇ ਬੇਰ ਲੱਗਦੇ ਸਨ। ਲੀਲੂ ਬੇਰ ਤਾਂ ਆਪੇ ਝੜ ਜਾਂਦੇ ਸਨ। ਪੱਕੇ ਬੇਰਾਂ ਨੂੰ ਸੋਟੀ ਨਾਲ/ਢਾਂਗੇ ਨਾਲ ਵੀ ਝਾੜਿਆ ਜਾਂਦਾ ਸੀ। ਬੇਰੀਆਂ ਉਪਰ ਚੜ੍ਹ ਕੇ ਟਾਹਣਿਆਂ ਨੂੰ ਹਲੂਣਾ ਦੇ ਕੇ ਵੀ ਬੇਰ ਝਾੜੇ ਜਾਂਦੇ ਸਨ। ਬੇਰ ਖਾਣ ਦਾ ਰਿਵਾਜ਼ ਵੀ ਬਹੁਤ ਹੁੰਦਾ ਸੀ। ਬੇਰਾਂ ਨੂੰ ਸੁਕਾ ਕੇ ਵੀ ਰੱਖਿਆ ਜਾਂਦਾ ਸੀ।ਬੇਰੀ ਦੀ ਲੱਕੜ ਵੀ ਬਹੁਤ ਵਧੀਆ ਮੰਨੀ ਜਾਂਦੀ ਹੈ। ਬੇਰੀ ਦੀ ਲੱਕੜ ਨਾਲ ਮੁਰਦੇ ਦਾ ਸਸਕਾਰ ਕਰਨਾ ਬਹੁਤ ਉੱਤਮ ਗਿਣਿਆ ਜਾਂਦਾ ਹੈ। ਬੇਰੀ ਦੇ ਰੁੱਖ ਉਪਰ ਰਾਤ ਸਮੇਂ ਤਿੱਤਰ ਪੰਛੀ ਸਭ ਤੋਂ ਜ਼ਿਆਦਾ ਬੈਠਦਾ ਹੈ। ਬੇਰੀਆਂ ਦੇ ਪੱਤੇ ਬੱਕਰੀਆਂ ਦੀ ਮਨ-ਭਾਉਂਦੀ ਖੁਰਾਕ ਹੁੰਦੇ ਸਨ। ਬੇਰੀਆਂ ਦੀਆਂ ਛਿੰਗਾਂ ਨਾਲ ਫਲੇ ਬਣਾਏ ਜਾਂਦੇ ਸਨ। ਖੇਤਾਂ ਦੀ ਵਾੜ ਤੇ ਵਾੜਿਆਂ ਦੀ ਵਾੜ ਵੀ ਬੇਰੀ ਦੀਆਂ ਝਿੰਗਾਂ ਨਾਲ ਕੀਤੀ ਜਾਂਦੀ ਸੀ। ਬੇਰੀ ਨੂੰ ਪਹਿਲਾਂ ਖਿਚੜੀ (ਫਲ ਦੀ ਮੁੱਢਲੀ ਅਵਸਥਾ) ਲੱਗਦੀ ਹੈ। ਖਿਚੜੀ ਤੋਂ ਕੱਚੇ ਬੇਰ ਬਣਦੇ ਹਨ। ਕੱਚੇ ਬੇਰਾਂ ਨੂੰ ਕਾਕੜੇ ਬੇਰ ਕਹਿੰਦੇ ਹਨ। ਕਾਕੜੇ ਬੇਰ ਹੀ ਪੱਕ ਕੇ ਬੇਰ ਬਣਦੇ ਹਨ। ਪੱਕੇ ਬੇਰਾਂ ਨੂੰ ਲੀਲੂ ਬੇਰ ਕਹਿੰਦੇ ਹਨ। ਬੜੇ ਸਾਈਜ਼ ਦੇ ਬੇਰਾਂ ਨੂੰ ਗੜੌਦੇ ਕਹਿੰਦੇ ਹਨ। ਜਿਹੜੇ ਬੇਰ ਖੱਟੇ ਹੁੰਦੇ ਹਨ ਉਨ੍ਹਾਂ ਬੇਰਾਂ ਨੂੰ ਗਲ ਘੋਟੂ ਬੇਰ ਕਹਿੰਦੇ ਹਨ। ਗੁਰੂ ਸਾਹਿਬਾਂ ਤੇ ਹਰਮਿੰਦਰ ਸਾਹਿਬ ਨਾਲ ਬੇਰ/ਬੇਰੀਆਂ ਦਾ ਸਾਡਾ ਧਾਰਮਿਕ ਵਿਰਸਾ ਹੈ।
ਹੁਣ ਤੁਹਾਨੂੰ ਪੰਜਾਬ ਵਿਚ ਕਿਸੇ ਦੇ ਖੇਤ ਵਿਚ ਵੀ ਬੇਰੀ ਦਾ ਰੁੱਖ ਨਜ਼ਰ ਨਹੀਂ ਆਵੇਗਾ। ਨਹਿਰਾਂ ਦੀਆਂ ਪਟੜੀਆਂ ਦੇ ਨਾਲ ਤੇ ਸਰਕਾਰੀ ਜੰਗਲਾਂ/ਜ਼ਮੀਨਾਂ ਵਿਚ ਕਿਤੇ ਕਿਤੇ ਅਜੇ ਵੀ ਬੇਰੀ ਦੇ ਰੁੱਖ ਮਿਲ ਜਾਂਦੇ ਹਨ। ਪਿਉਂਦੀ ਬੇਰੀਆਂ ਦੇ ਬਾਗ ਲੋਕਾਂ ਨੇ ਵਪਾਰਕ ਤੌਰ 'ਤੇ ਜ਼ਰੂਰ ਲਾਏ ਹੋਏ ਹਨ।
26. ਮਹਿੰਦੀ
ਮਹਿੰਦੀ ਇਕ ਛੋਟੇ ਪੱਤਿਆਂ ਵਾਲਾ ਬੂਟਾ ਹੈ। ਇਸ ਦੇ ਪੱਤਿਆਂ ਨੂੰ ਰਗੜ ਕੇ ਹੱਥਾਂ ਤੇ ਪੈਰਾਂ 'ਤੇ ਲਾਇਆ ਜਾਂਦਾ ਹੈ ਜਿਸ ਨਾਲ ਹੱਥਾਂ ਤੇ ਪੈਰਾਂ 'ਤੇ ਲਾਲ ਰੰਗ ਚੜ੍ਹ ਜਾਂਦਾ ਹੈ। ਵਾਲ ਅਤੇ ਦਾੜ੍ਹੀ ਰੰਗਣ ਲਈ ਵੀ ਮਹਿੰਦੀ ਵਰਤੀ ਜਾਂਦੀ ਹੈ। ਜਾਨਵਰਾਂ ਦੀਆਂ ਪੂਛਾਂ ਅਤੇ ਅੰਗਾਂ ਨੂੰ ਲਾਲ ਰੰਗਣ ਲਈ ਵੀ ਵਰਤੀ ਜਾਂਦੀ ਹੈ। ਮਹਿੰਦੀ ਦੇ ਸੁੱਕੇ ਪੱਤਿਆਂ ਨੂੰ ਪੀਹ ਕੇ ਜੋ ਧੂੜਾ ਬਣਦਾ ਹੈ, ਉਸ ਨੂੰ ਵੀ ਮਹਿੰਦੀ ਕਹਿੰਦੇ ਹਨ। ਮਹਿੰਦੀ ਦਾ ਬੂਟਾ ਦਰਮਿਆਨੇ ਆਕਾਰ ਦਾ ਹੁੰਦਾ ਹੈ। ਜਿਸ ਦੇ ਫੁੱਲ ਚਿੱਟੇ ਜਾਂ ਗੁਲਾਬੀ ਹੁੰਦੇ ਹਨ ਜੋ ਟਾਹਣੀਆਂ ਦੇ ਸਿਰਿਆਂ ਉੱਤੇ ਵੱਡੇ ਗੁੱਛਿਆਂ ਦੇ ਰੂਪ ਵਿਚ ਲੱਗਦੇ ਹਨ। ਇਸ ਦਾ ਫਲ ਗੋਲ ਮਟਰ ਦੇ ਦਾਣੇ ਜਿੱਡਾ ਹੁੰਦਾ ਹੈ ਮਹਿੰਦੀਆਂ ਦੇ ਪੱਤਿਆਂ ਨੂੰ ਕਈ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਵਿਸ਼ੇਸ਼ ਕਰਕੇ ਚਮੜੀ ਦੇ ਰੋਗ ਦੀਆਂ ਦਵਾਈਆਂ ਵਿਚ। ਇਸ ਦੀ ਛਿੱਲ ਅਤੇ ਬੀਜ ਵੀ ਦਵਾਈਆਂ ਵਿਚ ਵਰਤੇ ਜਾਂਦੇ ਹਨ। ਮਹਿੰਦੀ ਦੇ ਬੂਟੇ ਨੂੰ ਵਾੜ ਦੇ ਰੂਪ ਵਿਚ ਵੀ ਬੀਜਿਆ ਜਾਂਦਾ ਹੈ।ਉਂਜ ਵੀ ਬੀਜਿਆ ਜਾਂਦਾ ਹੈ। ਡੇਰਿਆਂ, ਗੁਰਦੁਆਰਿਆਂ ਵਿਚ ਦੂਸਰੇ ਰੁੱਖਾਂ ਦੇ ਨਾਲ ਮਹਿੰਦੀ ਦੇ ਬੂਟੇ ਵੀ ਲਾਏ ਜਾਂਦੇ ਸਨ। ਘਰੇਲੂ ਬਗੀਚੀਆਂ ਅਤੇ ਖੂਹਾਂ ਉਪਰ ਵੀ ਲਾਏ ਜਾਂਦੇ ਸਨ।
ਹੁਣ ਮਹਿੰਦੀ ਦੇ ਬੂਟੇ ਨਾ ਤਾਂ ਵਾੜ ਦੇ ਰੂਪ ਵਿਚ ਲਾਏ ਜਾਂਦੇ ਹਨ ਅਤੇ ਨਾ ਹੀ ਡੇਰਿਆਂ, ਗੁਰਦੁਆਰਿਆਂ ਅਤੇ ਬਗੀਚੀਆਂ ਵਿਚ ਲਾਏ ਜਾਂਦੇ ਹਨ। ਹੁਣ ਹਰ ਰੁੱਖ, ਬੂਟੇ ਨੂੰ ਉਸ ਦੇ ਛੇਤੀ ਵਧਣ-ਫੁੱਲਣ ਕਰਕੇ ਅਤੇ ਵਪਾਰਕ ਪੱਖ ਨੂੰ ਮੁੱਖ ਰੱਖ ਕੇ ਲਾਇਆ ਜਾਂਦਾ ਹੈ। ਇਸ ਲਈ ਮਹਿੰਦੀ ਦੇ ਬੂਟੇ ਪੰਜਾਬ ਵਿਚ ਤੁਹਾਨੂੰ ਹੁਣ ਘੱਟ ਹੀ ਮਿਲਣਗੇ ?
27. ਮਲ੍ਹਾ
ਇਕ ਪ੍ਰਕਾਰ ਦੀ ਕੰਡੇਦਾਰ ਝਾੜੀ ਨੂੰ, ਜਿਸ ਨੂੰ ਨਿੱਕੇ-ਨਿੱਕੇ, ਛੋਟੇ-ਛੋਟੇ ਬੇਰ ਲੱਗਦੇ ਹਨ, ਮਲ੍ਹਾ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਨੂੰ ਝਾੜਬੇਰੀ ਕਹਿੰਦੇ ਹਨ। ਮਲ੍ਹੇ ਦੇ ਬੇਰ ਨਿੱਕੇ, ਛੋਟੇ ਹੁੰਦੇ ਹਨ। ਇਸ ਲਈ ਇਨ੍ਹਾਂ ਬੇਰਾਂ ਨੂੰ ਕੋਕਣ ਬੇਰ ਵੀ ਕਹਿੰਦੇ ਹਨ। ਮਲ੍ਹੇ ਦੇ ਪੱਤੇ ਕਈ ਬਿਮਾਰੀਆਂ ਦੇ ਇਲਾਜ ਲਈ ਵਰਤੇ ਜਾਂਦੇ ਹਨ। ਬੱਕਰੀਆਂ ਮਲ੍ਹਿਆਂ ਦੇ ਪੱਤਿਆਂ ਨੂੰ ਬੜੀਆਂ ਖ਼ੁਸ਼ ਹੋ ਕੇ ਖਾਂਦੀਆਂ ਹਨ। ਕਿਸੇ ਸਮੇਂ ਮਲ੍ਹਿਆਂ ਦੇ ਬੇਰ ਪੇਂਡੂ ਫਲ ਹੁੰਦੇ ਸਨ।
ਪਹਿਲਾਂ ਬਹੁਤੀਆਂ ਜ਼ਮੀਨਾਂ ਗ਼ੈਰ-ਆਬਾਦ ਸਨ। ਇਨ੍ਹਾਂ ਗ਼ੈਰ-ਆਬਾਦ ਜ਼ਮੀਨਾਂ ਵਿਚ ਮਲ੍ਹੇ ਆਮ ਹੁੰਦੇ ਸਨ। ਜਿਵੇਂ ਇਨ੍ਹਾਂ ਮਲ੍ਹਿਆਂ ਦੇ ਬੇਰ ਨਿੱਕੇ ਹੁੰਦੇ ਹਨ, ਉਸੇ ਤਰ੍ਹਾਂ ਇਨ੍ਹਾਂ ਦੇ ਕੰਡੇ ਵੀ ਨਿੱਕੇ-ਨਿੱਕੇ ਹੁੰਦੇ ਹਨ। ਹੁਣ ਪੰਜਾਬ ਦੀ ਸਾਰੀ ਨਿੱਜੀ ਜ਼ਮੀਨ ਆਬਾਦ ਹੈ।ਇਸ ਲਈ ਕਿਸੇ ਦੀ ਨਿੱਜੀ ਜ਼ਮੀਨ ਵਿਚ ਮਲ੍ਹੇ ਨਹੀਂ ਹਨ। ਹਾਂ, ਸਰਕਾਰੀ ਜੰਗਲ, ਨਹਿਰਾਂ ਤੇ ਸੜਕਾਂ ਦੇ ਨਾਲ ਦੀ ਸਰਕਾਰੀ ਜ਼ਮੀਨਾਂ ਵਿਚ ਖੜ੍ਹੇ ਮਲ੍ਹੇ ਕਿਤੇ ਨਾ ਕਿਤੇ ਜ਼ਰੂਰ ਨਜ਼ਰ ਆਉਂਦੇ ਹਨ।
28. ਰੇਰੂ
ਰੇਰੂ ਰੋਹੀਆਂ ਦਾ ਰੁੱਖ ਹੈ। ਪਹਿਲੇ ਸਮਿਆਂ ਵਿਚ ਆਮ ਹੁੰਦਾ ਸੀ। ਰੇਰੂ ਦੀ ਲੱਕੜ ਬਹੁਤ ਸਖ਼ਤ ਜਾਨ ਹੁੰਦੀ ਹੈ। ਸਾਗਵਾਨ ਨਾਲੋਂ ਵੀ ਸਖ਼ਤ ਹੁੰਦੀ ਹੈ। ਇਸੇ ਕਰਕੇ ਖੂਹਾਂ ਦੇ ਚੱਕ ਰੇਰੂ ਦੀ ਲੱਕੜ ਦੇ ਬਣਾਏ ਜਾਂਦੇ ਸਨ। ਇਸ ਦੇ ਫੁੱਲ ਬਹੁਤ ਖੁਸ਼ਬੂਦਾਰ ਹੁੰਦੇ ਹਨ। ਉਂਝ ਰੇਰੂ ਦੀ ਲੱਕੜ ਜ਼ਿਆਦਾ ਬਾਲਣ ਦੇ ਕੰਮ ਆਉਂਦੀ ਸੀ। ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਤੋਂ ਆਉਂਦੇ ਹੋਏ ਰਾਮਪੁਰ ਪਿੰਡ (ਤਹਿਸੀਲ ਪਾਇਲ) ਦੇ ਨੇੜੇ ਇਕ ਰੇਰੂ ਦੇ ਰੁੱਖ ਥੱਲੇ ਥੋੜ੍ਹੀ ਦੇਰ ਠਹਿਰੇ ਸਨ। ਹੁਣ ਇਸ ਥਾਂ ਤੇ ਗੁਰਦੁਆਰਾ ਰੇਰੂ ਸਾਹਿਬ ਬਣਿਆ ਹੋਇਆ ਹੈ ਜਿਸ ਦੀ ਬਹੁਤ ਮਾਨਤਾ ਹੈ। ਹੁਣ ਰੇਰੂ ਦਾ ਰੁੱਖ ਸਿਰਫ ਸਰਕਾਰੀ ਜੰਗਲਾਂ ਵਿਚ ਹੀ ਕਿਤੇ-ਕਿਤੇ ਮਿਲਦਾ ਹੈ।
29. ਲਸੂੜਾ
ਪਹਿਲਾਂ ਪੰਜਾਬ ਦੀ ਸਾਰੀ ਧਰਤੀ ਆਬਾਦ ਨਹੀਂ ਸੀ। ਨਿੱਜੀ ਤੇ ਸ਼ਾਮਲਾਟ ਗ਼ੈਰ-ਆਬਾਦ ਜ਼ਮੀਨਾਂ ਵਿਚ ਲਸੂੜੇ ਦੇ ਰੁੱਖ ਹੁੰਦੇ ਸਨ। ਲੋਕ ਆਪ ਵੀ ਲਾ ਲੈਂਦੇ ਸਨ। ਲਸੂੜੇ ਦੇ ਰੁੱਖ ਦੇ ਫਲ ਨੂੰ ਵੀ ਲਸੂੜਾ ਕਹਿੰਦੇ ਹਨ। ਪਹਿਲੇ ਸਮੇਂ ਦੇ ਫਲਾਂ ਵਿਚ ਲਸੂੜਾ ਇਕ ਫਲ ਸੀ। ਲਸੂੜਾ ਦਾ ਕੱਚਾ ਫਲ ਹਰਾ ਹੁੰਦਾ ਹੈ। ਜਦ ਪੱਕ ਜਾਂਦਾ ਹੈ ਤਾਂ ਇਸ ਦਾ ਰੰਗ ਬਿਸਕੁਟੀ ਹੋ ਜਾਂਦਾ ਹੈ। ਫਲ ਗੁੱਦੇਦਾਰ ਹੁੰਦਾ ਹੈ। ਗੁੱਦੇ ਅੰਦਰ ਗਿੱਟਕ ਹੁੰਦੀ ਹੈ। ਫਲ ਬਹੁਤ ਹੀ ਲੇਸਦਾਰ ਹੁੰਦਾ ਹੈ। ਫਲ ਨੂੰ, ‘ਹਿੰਦੁਸਤਾਨੀ ਚੈਰੀ’ ਵੀ ਕਿਹਾ ਜਾਂਦਾ ਹੈ। ਫਲ ਖਾਣ ਸਮੇਂ ਲਸੂੜੇ ਦੀ ਲੇਸ ਹੱਥਾਂ ਅਤੇ ਬੁੱਲ੍ਹਾਂ ਨਾਲ ਚਿਪਕ ਜਾਂਦੀ ਹੈ। ਲਸੂੜੇ ਦੇ ਰੁੱਖ ਦੋ ਕਿਸਮ ਦੇ ਹੁੰਦੇ ਹਨ। ਜਿਸ ਲਸੂੜੇ ਦਾ ਫਲ ਅਖਰੋਟ ਜਿੱਡਾ ਹੁੰਦਾ ਹੈ, ਉਸ ਰੁੱਖ ਨੂੰ ਲਸੂੜੇ ਦਾ ਰੁੱਖ ਕਹਿੰਦੇ ਹਨ।ਜਿਸ ਲਸੂੜੇ ਦਾ ਫਲ ਰੀਠੇ ਕੁ ਜਿੰਨਾ ਹੁੰਦਾ ਹੈ ਉਸ ਰੁੱਖ ਨੂੰ ਲਸੂੜੀਆਂ ਕਹਿੰਦੇ ਹਨ। ਫਲ ਨੂੰ ਵੀ ਲਸੂੜੀਆਂ ਕਹਿੰਦੇ ਹਨ। ਫਲ ਦੀ ਕਈ ਦਵਾਈਆਂ ਵਿਚ ਵਰਤੋਂ ਹੁੰਦੀ ਹੈ। ਕੱਚੇ ਫਲ ਦਾ ਆਚਾਰ ਵੀ ਪਾਇਆ ਜਾਂਦਾ ਹੈ। ਪੱਤੇ ਬੱਕਰੀਆਂ ਦਾ ਚਾਰਾ ਹੈ। ਇਕ ਧਾਰਨਾ ਅਨੁਸਾਰ ਲਸੂੜੇ ਦੇ ਰੁੱਖ ਨੂੰ ਅਸ਼ੁੱਭ ਮੰਨਿਆ ਗਿਆ ਹੈ। ਜਿਸ ਘਰ ਦੇ ਨੇੜੇ ਇਹ ਰੁੱਖ ਲੱਗਿਆ ਹੋਵੇ, ਉਸ ਪਰਿਵਾਰ ਦੇ ਮੈਂਬਰਾਂ ਨੂੰ ਕੋਈ ਨਾ ਕੋਈ ਬਿਮਾਰੀ ਲਸੂੜੇ ਵਾਂਗ ਚਿਪਕੀ ਰਹਿੰਦੀ ਹੈ।
ਇਸ ਧਾਰਨਾ ਵਿਚ ਕੋਈ ਵੀ ਤਰਕ ਨਹੀਂ ਹੈ। ਇਸ ਲਈ ਲੋਕ ਹੁਣ ਅਜਿਹੇ ਅੰਧ ਵਿਸ਼ਵਾਸ ਵਿਚ ਵਿਸ਼ਵਾਸ ਨਹੀਂ ਰੱਖਦੇ। ਹੁਣ ਲਸੂੜੇ, ਲਸੂੜੀਆਂ ਦਾ ਰੁੱਖ ਤੁਹਾਨੂੰ ਪੰਜਾਬ ਦੇ ਕਿਸੇ ਵੀ ਨਿੱਜੀ ਖੇਤ ਵਿਚੋਂ ਨਹੀਂ ਮਿਲੇਗਾ। ਹਾਂ ਨਹਿਰਾਂ ਦੀਆਂ ਪਟੜੀਆਂ ਅਤੇ ਸਰਕਾਰੀ ਜੰਗਲਾਂ ਵਿਚ ਅਜੇ ਵੀ ਕਿਤੇ ਨਾ ਕਿਤੇ ਲਸੂੜੇ, ਲਸੂੜੀਆਂ ਦਾ ਰੁੱਖ ਮਿਲ ਜਾਂਦਾ ਹੈ।
30. ਤਿਰਵੈਣੀ
ਗੰਗਾ, ਜਮਨਾ ਤੇ ਸਰਸਵਤੀ ਦੇ ਸੰਗਮ ਨੂੰ ਤ੍ਰਿਵੈਣੀ ਕਹਿੰਦੇ ਹਨ। ਇਹ ਸੰਗਮ ਇਲਾਹਾਬਾਦ ਵਿਖੇ ਹੈ। ਪਰ ਮੈਂ ਤੁਹਾਨੂੰ ਜਿਸ ਤ੍ਰਿਵੈਣੀ ਬਾਰੇ ਦੱਸਣ ਜਾ ਰਿਹਾ ਹਾਂ ਇਹ ਉਹ ਥਾਂ ਹੁੰਦੀ ਹੈ ਜਿਥੇ ਪਿੱਪਲ, ਬਰੋਟੇ ਤੇ ਨਿੰਮ ਦੇ ਰੁੱਖ ਇਕੱਠੇ ਇਕ ਥਾਂ ਲਾਏ ਜਾਂਦੇ ਹਨ। ਇਨ੍ਹਾਂ ਤਿੰਨਾਂ ਰੁੱਖਾਂ ਨੂੰ ਇਕ ਥਾਂ ਲਾਉਣ ਨੂੰ ਧਾਰਮਿਕ ਤੇ ਸਮਾਜਿਕ ਤੌਰ 'ਤੇ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਪਿੱਪਲ ਦੇ ਰੁੱਖ ਨੂੰ ਧਰਮ ਗ੍ਰੰਥ ਬ੍ਰਹਮਾ ਕਹਿੰਦੇ ਹਨ। ਬ੍ਰਹਮਾ ਨੂੰ ਸ੍ਰਿਸ਼ਟੀ ਦਾ ਸਿਰਜਣਹਾਰ ਮੰਨਿਆ ਜਾਂਦਾ ਹੈ। ਹਿੰਦੂ ਮੱਤ ਵਾਲੇ ਪਿੱਪਲ ਵਿਚ ਤਿੰਨ ਦੇਵਤਿਆਂ ਦਾ ਨਿਵਾਸ ਮੰਨਦੇ ਹਨ। ਜੜ੍ਹ ਵਿਚ ਬ੍ਰਹਮਾ, ਤਣੇ ਵਿਚ ਵਿਸ਼ਨੂੰ ਅਤੇ ਟਾਹਣੀਆਂ ਵਿਚ ਸ਼ਿਵ ਜੀ ਦਾ ਨਿਵਾਸ ਮੰਨਿਆ ਜਾਂਦਾ ਹੈ। ਮਹਾਤਮਾ ਬੁੱਧ ਨੂੰ ਪਿੱਪਲ ਥੱਲੇ ਗਿਆਨ ਪ੍ਰਾਪਤ ਹੋਣ ਕਕਰੇ ਬੁੱਧ ਧਰਮ ਵਾਲੇ ਪਿੱਪਲ ਨੂੰ ਬੋਧੀ ਰੁੱਖ ਮੰਨਦੇ ਹਨ। ਪਿੱਪਲ ਦਿਨ ਅਤੇ ਰਾਤ ਨੂੰ ਦੋਵੇਂ ਵੇਲੇ ਆਕਸੀਜਨ ਛੱਡਦਾ ਹੈ। ਹੋਰ ਬਹੁਤ ਸਾਰੇ ਵਿਸ਼ਵਾਸ ਪਿੱਪਲ ਨਾਲ ਜੁੜੇ ਹੋਏ ਹਨ। ਇਸ ਕਰਕੇ ਪਿੱਪਲ ਦੀ ਪੂਜਾ ਕੀਤੀ ਜਾਂਦੀ ਹੈ। ਪਿੱਪਲ ਦੀਆਂ ਗੋਲ੍ਹਾਂ (ਫਲ) ਪੱਤੇ, ਸੱਕ, ਜੜ੍ਹਾਂ ਤੇ ਪਿੱਪਲ ਦਾ ਦੁੱਧ ਚਾਰੇ, ਦਵਾਈਆਂ, ਰੰਗਾਂ ਆਦਿ ਵਿਚ ਵਰਤਿਆ ਜਾਂਦਾ ਹੈ। (ਹੋਰ ਵਿਸਥਾਰ ਲਈ ਪਿੱਪਲ ਵੇਖੋ)
ਬਰੋਟੇ ਦਾ ਰੁੱਖ ਸਾਰੇ ਰੁੱਖਾਂ ਨਾਲੋਂ ਭਾਰਾ ਹੁੰਦਾ ਹੈ। ਦੂਰ ਦੂਰ ਤੱਕ ਫੈਲਿਆ ਹੁੰਦਾ ਹੈ। ਇਸ ਕਰਕੇ ਸਾਰੇ ਰੁੱਖਾਂ ਨਾਲੋਂ ਵੱਧ ਆਕਸੀਜਨ ਦਿੰਦਾ ਹੈ। ਵੱਧ ਛਾਂ ਦਿੰਦਾ ਹੈ। ਬਰੋਟੇ ਦੀਆਂ ਗੋਲ੍ਹਾਂ (ਫਲ) ਪੱਤੇ, ਛਿੱਲ, ਜੜ੍ਹਾਂ, ਚਾਰੇ, ਦਵਾਈਆਂ, ਰੰਗਾਂ ਆਦਿ ਵਿਚ ਵਰਤੇ ਜਾਂਦੇ ਹਨ। ਗੁੱਦੇ ਤੋਂ ਕਾਗਜ਼ ਬਣਾਇਆ ਜਾਂਦਾ ਹੈ। (ਹੋਰ ਵਿਸਥਾਰ ਲਈ ਬਰੋਟਾ ਵੇਖੋ)।
ਨਿੰਮ ਦੇ ਰੁੱਖ ਵਿਚ ਬਹੁਤ ਸਾਰੇ ਗੁਣ ਹੋਣ ਕਰਕੇ ਇਸ ਨੂੰ ‘ਕੁਦਰਤੀ ਦਵਾਖਾਨਾ' ਅਤੇ ‘ਦੈਵੀ ਰੁੱਖ/ਦੇਵਤਿਆਂ ਦਾ ਰੁੱਖ’ ਕਹਿੰਦੇ ਹਨ। ਕਈ ਕਬੀਲੇ ਇਸ ਨੂੰ ਪਵਿੱਤਰ ਰੁੱਖ ਮੰਨ ਕੇ ਪੂਜਾ ਕਰਦੇ ਹਨ। ਮੁੰਡਾ ਜੰਮਣ ਤੇ ਨਿੰਮ ਦੇ ਰੁੱਖ ਦੀਆਂ ਟਾਹਣੀਆਂ ਨੂੰ ਦਰਵਾਜ਼ੇ ਉਪਰ ਬੰਨ੍ਹਿਆ ਜਾਂਦਾ ਹੈ। ਵਿਸ਼ਵਾਸ ਹੈ ਕਿ ਅਜਿਹਾ ਕਰਨ ਨਾਲ ਭੂਤ-ਪ੍ਰੇਤ ਮੁੰਡੇ ਨੂੰ ਕੋਈ ਨੁਕਸਾਨ ਨਹੀਂ ਕਰ ਸਕਦੇ। ਨਿੰਮ ਦੀਆਂ ਨਮੋਲੀਆਂ, (ਫਲ) ਪੱਤੇ, ਫੁੱਲ, ਛਿੱਲ, ਲੱਕੜ, ਜੜ੍ਹਾਂ ਕਈ ਦਵਾਈਆਂ ਵਿਚ ਕੰਮ ਆਉਂਦੇ ਹਨ। ਨਿੰਮ ਦੇ ਤੇਲ ਤੋਂ ਸ਼ੈਂਪੂ, ਕਰੀਮਾਂ, ਸਾਬਣ ਆਦਿ ਬਣਾਇਆ ਜਾਂਦਾ ਹੈ। ਨਿੰਮ ਦੀ ਲੱਕੜ ਕੌੜੀ ਹੋਣ ਕਰਕੇ ਕੀੜਾ ਨਹੀਂ ਲੱਗਦਾ। ਇਸ ਲਈ ਪਹਿਲੇ ਸਮਿਆਂ ਵਿਚ ਸੰਦੂਖ ਨਿੰਮ ਦੀ ਲੱਕੜ ਦੇ ਬਣਾਏ ਜਾਂਦੇ ਸਨ। ਫਰਨੀਚਰ ਬਣਾਇਆ ਜਾਂਦਾ ਹੈ। ਨਿੰਮ ਦੀ ਦਾਤਣ ਕਰਨ ਨਾਲ ਦੰਦਾਂ ਵਿਚ ਕੀੜਾ ਨਹੀਂ ਲੱਗਦਾ। (ਹੋਰ ਵਿਸਥਾਰ ਲਈ ਨਿੰਮ ਵੇਖੋ)।
ਜਿਥੇ ਪਹਿਲਾਂ ਹਰ ਪਿੰਡ ਅਤੇ ਹਰ ਸ਼ਹਿਰ ਵਿਚ ਤ੍ਰਿਵੈਣੀਆਂ ਆਮ ਲੱਗੀਆਂ ਹੁੰਦੀਆਂ ਸਨ, ਉਥੇ ਹੁਣ ਤੁਹਾਨੂੰ ਕਿਸੇ ਪਿੰਡ ਅਤੇ ਕਿਸੇ ਸ਼ਹਿਰ ਵਿਚ ਕਿਤੇ ਕਿਤੇ ਹੀ ਤ੍ਰਿਵੈਣੀ ਲੱਗੀ ਮਿਲੇਗੀ ? ਹੁਣ ਬਹੁਤੀ ਤੇਜ਼ੀ ਨਾਲ ਵਧਣ ਵਾਲੇ ਰੁੱਖ ਲਾਏ ਜਾਂਦੇ ਹਨ। ਲੋਕ ਹੁਣ ਪੜ੍ਹ ਗਏ ਹਨ, ਜਾਗਰਿਤ ਹੋ ਗਏ ਹਨ, ਤਰਕਸ਼ੀਲ ਹੋ ਗਏ ਹਨ, ਇਸ ਲਈ ਲੋਕਾਂ ਦੀ ਤ੍ਰਿਵੈਣੀ ਨਾਲ, ਰੁੱਖਾਂ ਨਾਲ ਪਹਿਲੇ ਜਿਹਾ ਧਾਰਮਿਕ ਵਿਸ਼ਵਾਸ ਵੀ ਨਹੀਂ ਰਿਹਾ।

جاري تحميل الاقتراحات...